ਹੋਲੇ ਮਹੱਲੇ ਦੇ ਦੂਜੇ ਦਿਨ ਲੱਖਾਂ ਦੀ ਗਿਣਤੀ ‘ਚ ਸੰਗਤਾਂ ਹੋਈਆਂ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ – 12 ਮਾਰਚ – ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਗਈ ਜੁਝਾਰੂ ਰਵਾਇਤ ਚੜ੍ਹਦੀ ਕਲਾ ਦੇ ਪ੍ਰਤੀਕ ਹੋਲਾ ਮਹੱਲਾ ਦੇ ਦੂਸਰੇ ਦਿਨ ਅੱਜ ਲੱਖਾਂ ਸੰਗਤਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਅਸਥਾਨਾਂ ‘ਤੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ‘ਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ ਨੇ ਤਖਤ ਸਾਹਿਬ ਵਿਖੇ ਹਾਜ਼ਰੀ ਭਰੀ।

ਇਸ ਪਵਿੱਤਰ ਦਿਹਾੜੇ ‘ਤੇ ਭਾਈ ਕਰਨੈਲ ਸਿੰਘ, ਭਾਈ ਗੁਰਕੀਰਤ ਸਿੰਘ, ਭਾਈ ਕਾਰਜ ਸਿੰਘ, ਭਾਈ ਲਖਵਿੰਦਰ ਸਿੰਘ ਤੇ ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਧਰਮਵੀਰ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਜਸਵੰਤ ਸਿੰਘ ਜੀ ਪ੍ਰਵਾਨਾ ਕਥਾਵਾਚਕ ਅਤੇ ਭਾਈ ਰਜਿੰਦਰਪਾਲ ਸਿੰਘ ਪ੍ਰਚਾਰਕ ਅਤੇ ਪ੍ਰਸਿੱਧ ਢਾਡੀ ਜੱਥਿਆਂ ਨੇ ਸਮੂਹ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰ-ਇਤਿਹਾਸ ਸਰਵਣ ਕਰਵਾਇਆ।

ਤਖਤ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਸ. ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਤਖਤ ਸਾਹਿਬ ਵਿਖੇ ਸਜਾਏ ਗਏ ਧਾਰਮਿਕ ਦੀਵਾਨ ਵਿਚ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਜਿਥੇ ਹੋਲਾ ਮਹੱਲਾ ਦੇ ਪਾਵਨ ਦਿਹਾੜੇ ਦੀ ਮੁਬਾਰਕਬਾਦ ਦਿੱਤੀ, ਉਥੇ ਹੀ ਗੁਰੂ ਬਖਸ਼ੀ ਇਸ ਪ੍ਰੰਪਰਾ ਦੇ ਉਦੇਸ਼ ਤੇ ਸੰਦੇਸ਼ ਨੂੰ ਵੀ ਸੰਗਤਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਉਹ ਪਾਵਨ ਧਰਤੀ ਹੈ ਜਿਥੇ ਦਸਮ ਪਾਤਸ਼ਾਹ ਜੀ ਨੇ ਖਾਲਸੇ ਦੀ ਸਾਜਨਾ ਕਰ ਕੇ ਦੁਨੀਆਂ ਦੇ ਧਾਰਮਿਕ ਇਤਿਹਾਸ ਵਿਚ ਨਿਵੇਕਲਾ ਅਧਿਆਇ ਦਰਜ ਕੀਤਾ। ਦਸਮ ਪਾਤਸ਼ਾਹ ਜੀ ਵੱਲੋਂ ਹੋਲੇ ਮਹੱਲੇ ਦੀ ਰਵਾਇਤ ਭਾਰਤੀ ਤਿਉਹਾਰ ਹੋਲੀ ਦੀ ਥਾਂ ਆਰੰਭ ਕੀਤੀ ਗਈ ਜਿਸ ਦਾ ਮਕਸਦ ਮਨੁੱਖਤਾ ਅੰਦਰ ਜੋਸ਼, ਦ੍ਰਿੜ੍ਹਤਾ, ਹਿੰਮਤ, ਅਣਖ ਤੇ ਦਲੇਰੀ ਪੈਦਾ ਕਰਨਾ ਸੀ। ਇਸ ਨਾਲ ਜਿਥੇ ਸਵੈ-ਰੱਖਿਆ ਦੀ ਭਾਵਨਾ ਪ੍ਰਬਲ ਹੋਈ, ਉਥੇ ਹੀ ਜ਼ੁਲਮ ਖਿਲਾਫ ਲੜਨ ਤੇ ਮਜ਼ਲੂਮਾਂ ਦੇ ਹੱਕ ਵਿਚ ਖੜ੍ਹਨ ਦਾ ਜਜ਼ਬਾ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਸਾਡੇ ਅੰਦਰ ਹੁਲਾਸ ਤੇ ਖੇੜਾ ਪੈਦਾ ਕਰਦਾ ਹੈ। ਉਨ੍ਹਾਂ ਸੰਗਤ ਨੂੰ ਇਹ ਵੀ ਪ੍ਰੇਰਨਾ ਕੀਤੀ ਕਿ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਜੀਵਨ-ਜਾਚ ਅਪਣਾ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ ਤਾਂ ਜੋ ਸਾਡੇ ਜੀਵਨ ਅੰਦਰ ਸਦਗੁਣਾਂ ਦਾ ਸੰਚਾਰ ਹੋ ਸਕੇ। ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ. ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਵੀ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਕੀਤੀ।

ਇਸ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਦੀ ਸ਼ਰਧਾ ਵਿਲੱਖਣ ਹੈ। ਹੋਲਾ ਮਹੱਲਾ ਸਾਡੀਆਂ ਸਿੱਖ ਵਿਰਾਸਤੀ ਪ੍ਰੰਪਰਾਵਾਂ ਦੀ ਸਿਖਰਲੀ ਮਿਸਾਲ ਹੈ ਜੋ ਸਾਨੂੰ ਦਸਮ ਪਾਤਸ਼ਾਹ ਜੀ ਨੇ ਬਖਸ਼ੀ ਹੈ। ਉਨ੍ਹਾਂ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਡੇਰਾ ਸਿਰਸਾ ਸਬੰਧੀ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਨੇ ਰਿਪੋਰਟ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤੀ ਹੈ, ਹੁਣ ਸਿੰਘ ਸਾਹਿਬਾਨ ਨੇ ਦੇਖਣਾ ਹੈ ਕਿ ਕੀ ਕਾਰਵਾਈ ਕਰਨੀ ਹੈ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ. ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਭਾਈ ਰਾਮ ਸਿੰਘ ਤੇ ਸ. ਕੁਲਵੰਤ ਸਿੰਘ ਮੰਨਣ ਅੰਤ੍ਰਿੰਗ ਕਮੇਟੀ ਮੈਂਬਰ, ਭਾਈ ਮਨਜੀਤ ਸਿੰਘ, ਸ. ਬਾਵਾ ਸਿੰਘ ਗੁਮਾਨਪੁਰਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਸ. ਮਗਵਿੰਦਰ ਸਿੰਘ ਖਾਪੜਖੇੜੀ, ਬੀਬੀ ਰਣਜੀਤ ਕੌਰ ਮਾਹਿਲਪੁਰ, ਸ. ਪਰਮਜੀਤ ਸਿੰਘ ਲੱਖੇਵਾਲ ਤੇ ਸ. ਦਲਜੀਤ ਸਿੰਘ ਭਿੰਡਰ ਮੈਂਬਰ ਸ਼੍ਰੋਮਣੀ ਕਮੇਟੀ, ਸ. ਅਜਾਇਬ ਸਿੰਘ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ, ਭਾਈ ਫੂਲਾ ਸਿੰਘ ਹੈਡ ਗ੍ਰੰਥੀ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ, ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਧਾਇਕ, ਗਿਆਨੀ ਚਰਨਜੀਤ ਸਿੰਘ ਕਥਾਵਾਚਕ, ਗਿਆਨੀ ਪ੍ਰਨਾਮ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ, ਸ. ਹਰਚਰਨ ਸਿੰਘ ਮੁੱਖ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਡਾ. ਪਰਮਜੀਤ ਸਿੰਘ ਸਰੋਆ ਤੇ ਸ. ਪ੍ਰਤਾਪ ਸਿੰਘ ਐਡੀ: ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਸਕੱਤਰ ਸਿੰਘ ਮੀਤ ਸਕੱਤਰ, ਸ. ਰੇਸ਼ਮ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ. ਹਰਭਜਨ ਸਿੰਘ ਵਕਤਾ ਪਬਲੀਸਿਟੀ ਅਸਿਸਟੈਂਟ, ਸ. ਲਖਵਿੰਦਰ ਸਿੰਘ, ਭਾਈ ਅਮਰਜੀਤ ਸਿੰਘ ਜੰਡੀ, ਭਾਈ ਗੁਰਬਚਨ ਸਿੰਘ ਕਲਸੀਆਂ, ਭਾਈ ਭਾਈ ਹੀਰਾ ਸਿੰਘ ਮਨਿਹਾਲਾ ਤੇ ਭਾਈ ਲਵਪ੍ਰੀਤ ਸਿੰਘ ਪ੍ਰਚਾਰਕ ਆਦਿ ਹਾਜ਼ਰ ਸਨ।