ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖ਼ਸੀਅਤ

-ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ ਸਾਹਿਬ।

ਸਰਬੰਸਦਾਨੀ, ਸਾਹਿਬੇ-ਕਮਾਲ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੀ ਅਦੁੱਤੀ ਤੇ ਨੂਰਾਨੀ ਸ਼ਖ਼ਸੀਅਤ ਦੁਨੀਆਂ ਦੇ ਇਤਿਹਾਸ ਅੰਦਰ ਨਿਵੇਕਲੀ ਅਤੇ ਵਿਲੱਖਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਵਿਸ਼ਵ ਇਤਿਹਾਸ ਵਿਚ ਕ੍ਰਾਂਤੀਕਾਰੀ ਅਧਿਆਏ ਸਿਰਜਣ ਵਾਲਾ ਹੈ। ਦੁਨੀਆਂ ਦੇ ਕਲਮਕਾਰਾਂ ਨੇ ਗੁਰੂ ਸਾਹਿਬ ਜੀ ਦੀ ਉਸਤਤੀ ਕੀਤੀ ਹੈ ਪਰੰਤੂ ਇਹ ਵੀ ਸੱਚ ਹੈ ਕਿ ਅਜੇ ਤੱਕ ਗੁਰੂ ਸਾਹਿਬ ਜੀ ਦੀ ਵਿਲੱਖਣ ਸ਼ਖ਼ਸੀਅਤ ਨੂੰ ਕੋਈ ਵੀ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਿਆ ਕਿਉਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਅਤਿ ਉੱਤਮ ਹੈ ਅਤੇ ਦੁਨਿਆਵੀ ਲੇਖਕਾਂ ਦੀ ਬੁੱਧੀ ਅਤੇ ਸੋਚ ਦੀ ਇਕ ਸੀਮਾ ਹੈ। ਇਥੇ ਮਹਾਨ ਸ਼ਾਇਰ ਅੱਲ੍ਹਾ ਯਾਰ ਖਾਂ ਜੋਗੀ ਦੇ ਕੁਝ ਸ਼ਬਦ ਧਿਆਨਯੋਗ ਹਨ। ਉਹ ਲਿਖਦੇ ਹਨ ਕਿ ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਨੂੰ ਬਿਆਨ ਕਰਨ ਲੱਗਿਆਂ ਉਨ੍ਹਾਂ ਪਾਸ ਸ਼ਬਦਾਂ ਦੀ ਘਾਟ ਹੈ:-
ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤੱਾਰੀਫ਼ ਵੁਹ ਕਮ ਹੈ।
ਹਰਚੰਦ ਮੇਰੇ ਹਾਥ ਮੇਂ ਪੁਰ ਜ਼ੋਰ ਕਲਮ ਹੈ।
ਸਤਿਗੁਰ ਕੇ ਲਿਖੂੰ ਵਸਫ ਕਹਾਂ ਤਾਬਿ-ਰਕਮ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪ੍ਰਕਾਸ਼ ਸੰਨ ੧੬੬੬ ਈ: ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਸ੍ਰੀ ਪਟਨਾ ਸਾਹਿਬ ਵਿਖੇ ਹੋਇਆ। ਬਚਿਤ੍ਰ ਨਾਟਕ ਅੰਦਰ ਗੁਰੂ ਸਾਹਿਬ ਆਪਣੇ ਸੰਸਾਰ ਆਗਮਨ ਦਾ ਮਕਸਦ ਧਰਮ ਅਤੇ ਮਾਨਵਤਾ ਦੀ ਰੱਖਿਆ ਬਿਆਨ ਕਰਦੇ ਹਨ। ਇਹ ਸੱਚ ਹੈ ਕਿ ਉਸ ਵਕਤ ਧਰਮ ਦੇ ਨਾਂ ‘ਤੇ ਅੱਤਿਆਚਾਰ, ਅਨਿਆਂ ਅਤੇ ਧੱਕੇਸ਼ਾਹੀ ਦਾ ਬੋਲਬਾਲਾ ਸੀ। ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਨੇ ਆਪਣੇ ਸੰਸਾਰ ਆਗਮਨ ਦੇ ਉਦੇਸ਼ ਅਨੁਸਾਰ ਮਨੁੱਖਤਾ ਨੂੰ ਬਚਾਉਣ ਅਤੇ ਸੱਚ ਧਰਮ ਦੇ ਪ੍ਰਚਾਰ ਲਈ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੈਰਾਂ ਹੇਠ ਲਿਤਾੜੀ ਜਾ ਰਹੀ ਮਨੁੱਖਤਾ ਦੀ ਰੱਖਿਆ ਕਰਨ ਦੀ ਉਸਾਰੀ ਆਰੰਭੀ ਅਤੇ ਆਪਣੇ ੩੩ ਸਾਲ ਦੇ ਗੁਰੂ-ਕਾਲ ਦੌਰਾਨ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਕ੍ਰਾਂਤੀਕਾਰੀ ਪੂਰਨੇ ਪਾਏ। ਆਪ ਨੇ ੯ ਸਾਲ ਦੀ ਛੋਟੀ ਉਮਰ ਵਿਚ ਆਪਣੇ ਪਿਤਾ ਜੀ ਨੂੰ ਮਨੁੱਖਤਾ ਦੀ ਰੱਖਿਆ ਲਈ ਸ਼ਹਾਦਤ ਦੇਣ ਲਈ ਤੋਰਿਆ, ਫਿਰ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ, ਧਰਮ ਯੁੱਧ ਲੜੇ, ਮੁਰਦਾ ਹੋ ਚੁੱਕੀ ਕੌਮ ਵਿਚ ਨਵੀਂ ਰੂਹ ਫੂਕ ਕੇ ਜਾਗ੍ਰਤੀ ਪੈਦਾ ਕੀਤੀ, ਔਰੰਗਜ਼ੇਬ ਦੇ ਵਿਸ਼ਾਲ ਰਾਜ ਨਾਲ ਟੱਕਰ ਲਈ। ਆਪ ਨੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਸਾਰ ਲਈ ਤੇ ਉਨ੍ਹਾਂ ਨੂੰ ਸੀਨੇ ਨਾਲ ਲਾ ਕੇ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਗਰੀਬ ਸਿੱਖਾਂ ਦੇ ਸਿਰ ਬੰਨ੍ਹਿਆ।
ਗੁਰੂ ਸਾਹਿਬ ਜੀ ਨੇ ੧੬੯੯ ਈ: ਵਿਚ ਖਾਲਸਾ ਪੰਥ ਦੀ ਸਿਰਜਣਾ ਕਰ ਕੇ ਅਜਿਹੇ ਮਰਜੀਵੜਿਆਂ ਦੀ ਕੌਮ ਪੈਦਾ ਕੀਤੀ, ਜਿਸ ਨੇ ਕੌਮ ਅੰਦਰ ਏਕਤਾ, ਕੁਰਬਾਨੀ, ਦਲੇਰੀ ਤੇ ਜ਼ੁਲਮ ਵਿਰੁੱਧ ਡੱਟਣ ਦੀ ਭਾਵਨਾ ਪੈਦਾ ਕਰ ਦਿੱਤੀ। ਖ਼ਾਲਸਾ ਪੰਥ ਦੀ ਸਿਰਜਣਾ ਕਰਨ ਸਮੇਂ ਉਨ੍ਹਾਂ ਨੇ ਪੰਜ ਪਿਆਰਿਆਂ ਵਿਚ ਭਿੰਨ-ਭਿੰਨ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ। ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਸਿਧਾਂਤ ਨੂੰ ਅਮਲ ਵਿਚ ਲਿਆ ਕੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕਾਂ ਨੂੰ ਇੱਕੋ ਹੀ ਬਾਟੇ ਤੋਂ ਅੰਮ੍ਰਿਤ ਛਕਾ ਕੇ ਊਚ-ਨੀਚ ਤੇ ਇਲਾਕਿਆਂ ਦਾ ਭੇਦ-ਭਾਵ ਮਿਟਾ ਕੇ ਲਿਤਾੜੇ ਤੇ ਨਿਮਾਣੇ ਲੋਕਾਂ ਵਿਚ ਅਜਿਹੀ ਸ਼ਕਤੀ ਦਾ ਸੰਚਾਰ ਕੀਤਾ ਕਿ ਉਹ ਗਿੱਦੜਾਂ ਤੋਂ ਸ਼ੇਰ ਬਣ ਕੇ ਸਵਾ-ਸਵਾ ਲੱਖ ਅੱਤਿਆਚਾਰੀਆਂ ਨਾਲ ਟੱਕਰ ਲੈਣ ਦੇ ਸਮਰੱਥ ਬਣ ਗਏ। ਉਨ੍ਹਾਂ ਨੇ ਏਕਤਾ, ਸਮਾਨਤਾ ਤੇ ਨਿਆਂ ਦਾ ਝੰਡਾ ਬੁਲੰਦ ਰੱਖਣ ਲਈ ਸਮੇਂ ਦੀ ਵੱਡੀ ਤੋਂ ਵੱਡੀ ਤਾਕਤ ਨਾਲ ਟੱਕਰ ਵੀ ਜਾ ਲਈ। ਸਦੀਆਂ ਤੋਂ ਬੁਜ਼ਦਿਲ ਅਤੇ ਕਾਇਰ ਸਮਝੇ ਜਾਂਦੇ ਲੋਕਾਂ ਨੇ ਖੰਡੇ-ਬਾਟੇ ਦੀ ਪਾਹੁਲ ਛਕ ਕੇ ਕਹਿੰਦੇ-ਕਹਾਉਂਦੇ ਲੜਾਕੂਆਂ ਨੂੰ ਜੰਗਾਂ ਵਿਚ ਕਰਾਰੀ ਮਾਤ ਦਿੱਤੀ। ਸਤਿਗੁਰਾਂ ਦਾ ਧਰਮ ਯੁੱਧ ਕਿਸੇ ਜਾਤ ਜਾਂ ਮਜ਼ਹਬ ਵਿਰੁੱਧ ਨਹੀਂ ਸੀ ਬਲਕਿ ਹਰ ਤਰ੍ਹਾਂ ਦੇ ਅਨਿਆਂ ਦੇ ਵਿਰੁੱਧ ਸੀ। ਖ਼ਾਲਸਾ ਸਿਰਜਣਾ ਦਾ ਮੁਖ ਉਦੇਸ਼ ਮਨੁੱਖਤਾ ਨੂੰ ਨਿਰਭੈ ਤੇ ਨਿੱਡਰ ਬਣਾਉਣਾ ਸੀ। ਦਸਮੇਸ਼ ਪਿਤਾ ਨੇ ਖ਼ਾਲਸਾ ਪੰਥ ਦੀ ਸ਼ਕਤੀ ਦੇ ਸਹਾਰੇ ਸ਼ਕਤੀਸ਼ਾਲੀ, ਅੱਤਿਆਚਾਰੀ ਮੁਗ਼ਲ ਸ਼ਾਸਨ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਇਥੇ ਹੀ ਬੱਸ ਨਹੀਂ ਸਗੋਂ ਆਪ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਉਨ੍ਹਾਂ ਦੇ ਚੇਲੇ ਬਣ ਗਏ। ਸੰਸਾਰ ਦੇ ਕਿਸੇ ਪੀਰ-ਪੈਗ਼ੰਬਰ ਨੇ ਆਪਣੇ ਪੈਰੋਕਾਰਾਂ ਨੂੰ ਚੇਲੇ ਤੋਂ ਵਧੇਰੇ ਮਹਾਨਤਾ ਨਹੀਂ ਦਿੱਤੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਖ਼ਾਲਸਾ ਬਣਿਆਂ ਤੇ ਖ਼ਾਲਸੇ ਨੂੰ ਗੁਰੂ ਬਣਾਇਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚ ਮਨੁੱਖਤਾ ਨੂੰ ਸੰਗਠਤ ਕਰਨ ਦੀ ਬਾ-ਕਮਾਲ ਸ਼ਕਤੀ ਸੀ। ਇਸੇ ਕਰਕੇ ਹੀ ਆਪ ਜੀ ਦੇ ਉਪਦੇਸ਼ਾਂ ਦਾ ਮਨੁੱਖਤਾ ਨੇ ਭਰਪੂਰ ਅਸਰ ਕਬੂਲਿਆ ਅਤੇ ਉਹ ਮਹਾਨ ਯੋਧੇ ਬਣ ਕੇ ਵਿਚਰਨ ਲੱਗੇ। ਉਨ੍ਹਾਂ ਦਾ ਉਦੇਸ਼ ਜਾਂ ਨਿਸ਼ਾਨਾ ਨਿੱਜੀ ਗਰਜ਼ ਜਾਂ ਵੈਰ ਦੀ ਭਾਵਨਾ ਨਹੀਂ ਬਲਕਿ ਅਕਾਲ ਪੁਰਖ ਦੇ ਉਪਦੇਸ਼ ਦੀ ਪਾਲਣਾ ਹੈ। ਗੁਰੂ ਸਾਹਿਬ ਜੀ ਦੇ ਜੀਵਨ ਵਿੱਚੋਂ ਇੱਕ ਗੱਲ ਹੋਰ ਧਿਆਨ ਮੰਗਦੀ ਹੈ ਕਿ ਆਪ ਨੇ ਕੇਵਲ ਜੰਗ ਵਿਚ ਸਿੰਘਾਂ ਨੂੰ ਹੀ ਸ਼ਹੀਦ ਨਹੀਂ ਕਰਵਾਇਆ ਬਲਕਿ ਆਪਣੇ ਸਾਹਿਬਜ਼ਾਦਿਆਂ, ਮਾਤਾ ਜੀ ਤੇ ਪਿਤਾ ਜੀ ਦੀ ਸ਼ਹੀਦੀ ਦੇ ਕੇ ਸਰਬੰਸਦਾਨੀ ਦਾ ਰੁਤਬਾ ਪ੍ਰਾਪਤ ਕੀਤਾ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਤਰ੍ਹਾਂ ਦਸਮ ਗੁਰੂ ਜੀ ਨੇ ਆਪਣਾ ਸਾਰਾ ਜੀਵਨ ਹੀ ਮਨੁੱਖਤਾ ਦੇ ਸਨਮਾਨ ਨੂੰ ਉੱਚਾ ਚੁੱਕਣ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਲਗਾ ਦਿੱਤਾ।
ਗੁਰੂ ਸਾਹਿਬ ਦੇ ਉਪਦੇਸ਼ ਲਾਸਾਨੀ ਹਨ, ਅਮੋਲਕ ਹਨ। ਉਨ੍ਹਾਂ ਨੇ ਆਪਣੀ ਪਾਵਨ ਬਾਣੀ ਅੰਦਰ ਮਨੁੱਖ ਨੂੰ ਖ਼ਾਲਸ ਜੀਵਨ ਜੀਉਣ ਲਈ ਮਾਰਗ ਦਰਸਾਇਆ ਹੈ। ਵਹਿਮਾਂ-ਭਰਮਾਂ ਤੋਂ ਰਹਿਤ, ਜਾਤ-ਪਾਤ ਤੋਂ ਉੱਚਾ-ਸੁੱਚਾ, ਮੜ੍ਹੀਆਂ-ਮਸਾਣਾਂ ਦੀ ਗੁਲਾਮੀ ਤੋਂ ਦੂਰ, ਕਰਮਕਾਡਾਂ ਦੀ ਜਕੜ ਤੋਂ ਮੁਕਤ ਜੀਵਨ ਦੀ ਘਾੜਤ ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਮੂਲ ਹੈ। ਇੱਕ ਅਕਾਲ ਦੀ ਓਟ ਵਿਚ ਧਾਰਮਿਕ ਜੀਵਨ-ਜੁਗਤ ਨੂੰ ਗੁਰੂ ਸਾਹਿਬ ਜੀ ਨੇ ਪ੍ਰਮੁੱਖਤਾ ਨਾਲ ਪੇਸ਼ ਕੀਤਾ ਹੈ। ਅਨੇਕਤਾ ਦੀ ਥਾਂ ਏਕਤਾ ਦਾ ਪਾਠ ਆਪ ਜੀ ਦੇ ਉਪਦੇਸ਼ਾਂ ਵਿਚੋਂ ਪ੍ਰਬਲ ਰੂਪ ਵਿਚ ਉਜਾਗਰ ਹੁੰਦਾ ਹੈ। ਗੁਰੂ ਜੀ ਦੇ ਆਗਮਨ ਪੁਰਬ ‘ਤੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਜਾਤਾਂ-ਪਾਤਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਕਰੀਏ ਤੇ ਧਰਮ ਦੀ ਚੜ੍ਹਦੀ ਕਲਾ ਵਾਸਤੇ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ-ਬਰ-ਤਿਆਰ ਰਹੀਏ। ਆਓ! ਗੁਰੂ ਸਾਹਿਬ ਜੀ ਦਾ ਆਗਮਨ ਪੁਰਬ ਮਨਾਉਂਦੇ ਹੋਏ, ਉਨ੍ਹਾਂ ਵੱਲੋਂ ਬਖ਼ਸ਼ੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਆਪਣੇ ਜੀਵਨ ਨੂੰ ਸਫਲਾ ਕਰੀਏ! ਕਿਉਂਕਿ ਸਤਿਗੁਰੂ ਜੀ ਦਾ ਸਾਡੇ ਸਿਰ ‘ਤੇ ਵੱਡਾ ਕਰਜ਼ ਹੈ, ਜਿਸ ਨੂੰ ਅਸੀਂ ਉਤਾਰ ਤਾਂ ਨਹੀਂ ਸਕਦੇ ਪਰ ਉਨ੍ਹਾਂ ਦੇ ਉਪਦੇਸ਼ਾਂ ਨੂੰ ਕਮਾ ਕੇ ਅਸੀਂ ਕੁਝ ਹੱਦ ਤੱਕ ਸੁਰਖਰੂ ਜ਼ਰੂਰ ਹੋ ਸਕਦੇ ਹਾਂ।