-ਜਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ-ਜੋਤਿ ਸਤਿਗੁਰੂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਦੇ ਬਚਨ ਮਨੁੱਖ ਨੂੰ ਅਧਿਆਤਮਿਕਤਾ ਅਤੇ ਮਾਨਵਤਾ ਦਾ ਉਪਦੇਸ਼ ਦ੍ਰਿੜੂ ਕਰਵਾਉਂਦੇ ਹਨ, ਜਿਸ ‘ਤੇ ਚੱਲ ਕੇ ਮਨੁੱਖੀ-ਜੀਵਨ ਦੇ ਅਸਲ ਸੱਚ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਗੁਰਬਾਣੀ ਦੀ ਵਡਿਆਈ ਹੈ ਕਿ ਇਹ ਸਮੁੱਚੀ ਲੋਕਾਈ ਨੂੰ ਇੱਕ ਧਾਗੇ ਵਿਚ ਪਰੋਣ ਦਾ ਅਮਲ ਪੇਸ਼ ਕਰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਗੁਰਬਾਣੀ ਦਾ ਸੁਨੇਹਾ ਸਮੁੱਚੀ ਮਨੁੱਖਤਾ ਦੇ ਕਲਿਆਣ ਅਤੇ ਉਧਾਰ ਲਈ ਹੈ। ਇਹ ਚਹੁੰ ਵਰਣਾਂ ਲਈ ਸਾਂਝਾ ਉਪਦੇਸ਼ ਹੈ। ਇਸ ਸਬੰਧੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ:

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥
            (ਪੰਨਾ ੭੪੮)

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਮਹਾਨ ਕਾਰਜ ਪੰਚਮ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਰਮਣੀਕ ਸਥਾਨ ‘ਤੇ ਕੀਤਾ। ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਗੁਰਬਾਣੀ ਲਿਖਣ ਦੀ ਸੇਵਾ ਨਿਭਾਈ। ਸੰਮਤ ੧੬੬੧ ਵਿਚ ਇਹ ਪਵਿੱਤਰ ਕਾਰਜ ਸੰਪੂਰਨ ਹੋਇਆ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਨੂੰ ਭਾਦਰੋਂ ਸੁਦੀ ੧ ਸੰਮਤ ੧੬੬੧ ਦੇ ਦਿਨ ਨਗਰ ਕੀਰਤਨ ਦੇ ਰੂਪ ਵਿਚ ਬੜੀ ਸਜ-ਧਜ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆ ਕੇ ਪ੍ਰਕਾਸ਼ਮਾਨ ਕੀਤਾ। ਰਸਤੇ ਵਿਚ ਸੰਗਤਾਂ ਵੱਡੇ ਉਤਸ਼ਾਹ ਨਾਲ ਗੁਰਬਾਣੀ ਦੇ ਸ਼ਬਦ ਪੜ੍ਹਦੀਆਂ ਆਈਆਂ।

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਨ ਦੀ ਵਿਸ਼ਾਲਤਾ, ਹਰ ਧਰਮ ਦੇ ਲੋਕਾਂ ਵਿਚ ਪਰਸਪਰ ਪਿਆਰ ਰੱਖਣ ਦੇ ਉਪਰਾਲੇ, ਜਾਤ-ਪਾਤ, ਇਲਾਕਾਵਾਦ ਅਤੇ ਬੋਲੀ ਦੇ ਝਗੜਿਆਂ ਤੋਂ ਉੱਚਾ ਉੱਠਣ ਦਾ ਪ੍ਰਤੱਖ ਸਬੂਤ ਮਿਲਦਾ ਹੈ।

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਯਾਤਰਾ ਦਾ ਆਰੰਭ ਨਿਰੰਕਾਰ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦੂਸਰੇ ਗੁਰੂ ਸਾਹਿਬਾਨ ਨੂੰ ਆਵੇਸ਼ ਹੋਈ ਬਾਣੀ ਨਾਲ ਹੁੰਦਾ ਹੈ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਵੱਲੋਂ ਭਗਤਾਂ, ਭੱਟਾਂ ਅਤੇ ਹੋਰ ਬਾਣੀਕਾਰਾਂ ਦੇ ਬਚਨਾਂ ਨੂੰ ਜੋ ਪ੍ਰਭੂ ਦੀ ਯਾਦ ਦਿਵਾਉਂਦੇ ਹਨ, ਨੂੰ ਸਾਂਭ-ਸੰਭਾਲ ਲਿਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਪਾਵਨ ਬਚਨ ‘ਪੋਥੀ’ ਰੂਪ ਵਿਚ ਲਿਖ ਦਿੱਤੇ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ‘ਤੇ ਬਿਰਾਜਮਾਨ ਹੋਏ ਤਾਂ ਇਸ ਪੋਥੀ ਦੀ ਸੌਂਪਣਾ ਵੀ ਉਨ੍ਹਾਂ ਨੂੰ ਕਰ ਦਿੱਤੀ। ਆਤਮ-ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਾਉਣ ਵਾਲੇ ਇਨ੍ਹਾਂ ਅੰਮ੍ਰਿਤ ਬਚਨਾਂ ਦਾ ਪ੍ਰਵਾਹ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਨਿਰੰਤਰ ਚੱਲਦਾ ਰਿਹਾ। ਇਹ ਪਾਵਨ ਬਚਨ ਪੋਥੀ ਰੂਪ ਵਿਚ ਇਕ ਤੋਂ ਬਾਅਦ ਦੂਜੇ ਤੋਂ ਹੁੰਦੇ ਹੋਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਪਹੁੰਚੇ। ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਅਤੇ ਰਹਿਮਤਾਂ ਦੇ ਦਾਤੇ ਸਤਿਗੁਰ ਜੀ ਨੇ ਮਨੁੱਖਤਾ ਦਾ ਦੁੱਖ ਹਰਨ ਲਈ ਭਗਤਾਂ, ਭੱਟਾਂ ਅਤੇ ਗੁਰੂ-ਘਰ ਵੱਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਨ ਮਗਰੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸੰਕਲਨ ਕੀਤਾ।

ਮੁਗਲਾਂ ਨਾਲ ਲੰਬੀ ਜੱਦੋ-ਜਹਿਦ ਮਗਰੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ (ਤਖ਼ਤ ਸ੍ਰੀ ਦਮਦਮਾ ਸਾਹਿਬ) ਵਿਖੇ ਟਿਕੇ ਤਾਂ ਉਨ੍ਹਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਦਿਆਂ ਇਸ ਵਿਚ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਦਰਜ ਕੀਤਾ ਅਤੇ ਬਾਣੀ ਲਿਖਣ ਦੀ ਮਹਾਨ ਸੇਵਾ ਉਸ ਸਮੇਂ ਦੇ ਮਹਾਨ ਵਿਦਵਾਨ ਭਾਈ ਮਨੀ ਸਿੰਘ ਜੀ ਪਾਸੋਂ ਲਈ। ਤੀਹ ਰਾਗਾਂ ਵਿਚ ਇਕ ਹੋਰ ਰਾਗ ਜੈਜਾਵੰਤੀ ਸ਼ਾਮਲ ਹੋਣ ਨਾਲ ਬਾਣੀ ਇਕੱਤੀ ਰਾਗਾਂ ਵਿਚ ਹੋ ਗਈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਬਚਲ ਨਗਰ ਹਜ਼ੂਰ ਸਾਹਿਬ, ਨਾਂਦੇੜ (ਮਹਾਂਰਾਸ਼ਟਰ) ਵਿਖੇ ਅਕਤੂਬਰ ੧੭੦੮ ਈ: ਨੂੰ ਜੋਤੀ-ਜੋਤਿ ਸਮਾਉਣ ਸਮੇਂ ਇਸ ਪਾਵਨ ਬੀੜ ਨੂੰ ਗੁਰੂ ਪਦਵੀ ਦੀ ਮੋਹਰ ਲਗਾਈ ਅਤੇ ਅੱਗੇ ਤੋਂ ਸਿੱਖ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਇਆ:

ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ।
ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਲੇਹ।

ਵਿਸ਼ਵ ਦੇ ਸਭ ਧਰਮ-ਗ੍ਰੰਥਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਇਕ ਗ੍ਰੰਥ ਹੈ, ਜਿਸ ਨੂੰ ਰਾਸ਼ਟਰੀ ਏਕਤਾ ਅਤੇ ਆਪਸੀ ਸਦਭਾਵਨਾ ਦਾ ਪ੍ਰਤੀਕ ਕਿਹਾ ਜਾ ਸਕਦਾ ਹੈ। ਬਾਣੀ ਦੀ ਚੋਣ ਕਰਦੇ ਸਮੇਂ ਰਚਨਾਕਾਰ ਦੀ ਜਾਤ, ਰੰਗ, ਨਸਲ, ਧਰਮ ਤੇ ਦੇਸ਼ ਆਦਿ ਕਿਸੇ ਵੀ ਕਿਸਮ ਦੇ ਵਿਚਾਰ ਨੂੰ ਸਾਹਮਣੇ ਨਹੀਂ ਰੱਖਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਠੋਸ ਅਤੇ ਦਲੀਲ ਭਰਪੂਰ ਸਿਧਾਂਤ ਪੇਸ਼ ਕੀਤੇ ਗਏ ਹਨ। ਅਜੋਕੇ ਵਿਗਿਆਨਕ ਯੁੱਗ ਵਿਚ ਜਦੋਂ ਕਿ ਸਭ ਪਾਸੇ ਪਦਾਰਥਵਾਦ ਦਾ ਹੀ ਬੋਲਬਾਲਾ ਹੈ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਨਿਰਾਲੀ ਸ਼ਾਨ ਨਾਲ ਸੰਸਾਰ ਸਾਹਵੇਂ ਸਾਕਾਰ ਹੋ ਰਿਹਾ ਹੈ ਅਤੇ ਵਿਗਿਆਨੀਆਂ ਨੂੰ ਖੋਜਾਂ ਲਈ ਨਵੇਂ ਤੋਂ ਨਵੇਂ ਵਿਸ਼ੇ ਜੁਟਾ ਰਿਹਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਿਆਨ ਦਾ ਜਗ-ਮਗ ਕਰਦਾ ਸੂਰਜ ਹੈ, ਜਿਸ ਨਾਲ ਮਨ ਦੇ ਹਨ੍ਹੇਰੇ ਦੂਰ ਹੋ ਸਕਦੇ ਹਨ:

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥
                                                                                          (ਪੰਨਾ ੬੭)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਮੇਸ਼ਰ ਦੇ ਦਰ-ਘਰ ਦੀਆਂ ਵਿਚਾਰਾਂ ਦੱਸਦੀ ਹੈ, ਨਿਰੰਕਾਰ ਦੀ ਥਾਹ ਦੱਸਦੀ ਹੈ, ਰਾਹ ਦੱਸਦੀ ਹੈ, ਪਰ ਇਨ੍ਹਾਂ ਵਿਚਾਰਾਂ ਦੀ ਥਾਹ ਪਾਉਣ ਲਈ ਜ਼ਰੂਰੀ ਪਹਿਲੂ ਹੈ ਕਿ ਪਹਿਲਾਂ ਗੁਰਬਾਣੀ ਸੁਣਨੀ ਤੇ ਪੜ੍ਹਨੀ ਹੈ ਅਤੇ ਫਿਰ ਉਸ ਨੂੰ ਜੀਵਨ ਵਿਚ ਕਮਾਉਣਾ ਹੈ। ਜੋ ਮਾਰਗ ਸੁਝਾਇਆ ਗਿਆ ਹੈ, ਉਸੇ ਉੱਤੇ ਤੁਰਨਾ ਤੇ ਉਸ ਅਨੁਸਾਰ ਜੀਵਨ ਜੀਉਣਾ ਹੈ। ਜੇਕਰ ਮਨੁੱਖ ਇਹ ਬ੍ਰਹਮ ਵਿਚਾਰ ਸੁਣ ਕੇ ਕਮਾ ਲਵੇ ਤਾਂ ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ, ਜਨਮ-ਮਰਨ ਦਾ ਚੱਕਰ ਮੁੱਕ ਜਾਂਦਾ ਹੈ ਅਤੇ ਉਸ ਦੀ ਸਮਾਈ ਨਿਰੰਕਾਰ ਵਿਚ ਹੋ ਜਾਂਦੀ ਹੈ:

ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ॥ ਜੋ ਸੁਣੇ ਕਮਾਵੈ ਸੁ ਉਤਰੈ ਪਾਰਿ॥
ਜਨਮਿ ਨ ਮਰੈ ਨ ਆਵੈ ਨ ਜਾਇ॥ ਹਰਿ ਸੇਤੀ ਓਹੁ ਰਹੈ ਸਮਾਇ॥
                                                                                          (ਪੰਨਾ ੩੭੦)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਇਹ ਵੀ ਹੈ ਕਿ ਇਹ ਗੁਰੂ ਸਾਹਿਬ ਨੇ ਆਪਣੇ ਹੱਥੀਂ ਤਿਆਰ ਤੇ ਸੰਪੂਰਨ ਕੀਤਾ। ਸਮੂਹ ਧਰਮਾਂ ਦੇ ਇਤਿਹਾਸ ਵਿਚ ਇਹੋ ਇਕ ਅਜਿਹਾ ਪਾਵਨ ਗ੍ਰੰਥ ਹੈ, ਜਿਸ ਦਾ ਰੋਜ਼ਾਨਾ ਪ੍ਰਕਾਸ਼ ਤੇ ਸੁਖ-ਆਸਣ ਬੜੇ ਅਦਬ ਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਵਿਚ ਕੀਤਾ ਜਾਂਦਾ ਹੈ ਅਤੇ ਲੱਖਾਂ ਪ੍ਰਾਣੀ ਰੋਜ਼ ਨਮਸਕਾਰ ਕਰਕੇ ਆਪਣੇ ਜੀਵਨ ਦੇ ਕਲਿਆਣ ਲਈ ਅਰਦਾਸਾਂ, ਬੇਨਤੀਆਂ ਤੇ ਜੋਦੜੀਆਂ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਮੇਸ਼ਰ ਜਾਂ ਨਿਰੰਕਾਰ ਦੇ ਬੋਲ ਹਨ, ਜੋ ਉਸ ਦੀ ਕ੍ਰਿਪਾ-ਦ੍ਰਿਸ਼ਟੀ ਸਦਕਾ ਬਾਣੀਕਾਰਾਂ ਦੇ ਮਾਧਿਅਮ ਰਾਹੀਂ ਸੰਸਾਰੀ ਜੀਵਾਂ ਨੂੰ ਪ੍ਰਾਪਤ ਹੋਏ ਹਨ:

– ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥
                                                                                       (ਪੰਨਾ ੭੬੩)

– ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਏ ॥
                                                                                        (ਪੰਨਾ ੩੦੮)

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸ਼ੁਭ-ਅਵਸਰ ‘ਤੇ ਮੈਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਬੇਨਤੀ ਕਰਦਾ ਹਾਂ ਕਿ ਹਰ ਮਾਈ-ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਗੁਰਬਾਣੀ ਦੇ ਪਾਵਨ ਉਪਦੇਸ਼ਾਂ ਅਨੁਸਾਰ ਜੀਵਨ ਬਸਰ ਕਰੇ। ਸ੍ਰੀ ਗੁਰੂ ਗ੍ਰੰਥ ਦੀ ਬਾਣੀ ਨੂੰ ਮਨ ਵਿਚ ਵਸਾਇਆਂ ਹੀ ਨਿਰੰਕਾਰ ਨਾਲ ਇਕਮਿਕਤਾ ਹਾਸਲ ਹੋ ਸਕੇਗੀ। ਗੁਰੂ ਪਾਤਸ਼ਾਹ ਦਾ ਪਾਵਨ ਹੁਕਮ ਹੈ:

ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ ॥
ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ ॥
                                                                                 (ਪੰਨਾ ੧੪੨੪)