ਹਲਕਾ ਜੋਗਾ ਦੇ ਵੱਖ ਵੱਖ ਪਿੰਡਾਂ ‘ਚ ਲਗਾਏ ਗੁਰਮਤਿ ਕੈਂਪਾਂ ਦਾ ਸਨਮਾਨ ਸਮਾਰੋਹ ਆਯੋਜਿਤ
ਗੁਰਮਤਿ ਸਮਰ ਕੈਂਪ ਹਰ ਸਾਲ ਜਾਰੀ ਰਹਿਣਗੇ-ਸ. ਝੱਬਰ


ਮਾਨਸਾ, ੨੪ ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਜੋਗਾ ਤੋਂ ਨੌਜਵਾਨ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਦੇ ਉਪਰਾਲੇ ਸਦਕਾ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਹਲਕੇ ਦੇ ਵੱਖ ਵੱਖ ਪਿੰਡਾਂ ਅੰਦਰ ਪਿਛਲੇ ਇਕ ਮਹੀਨੇ ਤੋਂ ਲਗਾਏ ਗੁਰਮਤਿ ਸਿਖਲਾਈ ਕੈਂਪਾਂ ਦੌਰਾਨ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਸਮਾਰੋਹ ਅੱਜ ਗੁਰਦੁਆਰਾ ਭਾਈ ਬਹਿਲੋ ਜੀ ਫਫੜੇ ਭਾਈਕੇ ਵਿਖੇ ਹੋਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡੀ ਗਿਣਤੀ ਵਿਚ ਧਾਰਮਿਕ ਸਾਹਿਤ ਸਕੂਲੀ ਬੱਚਿਆਂ ਤੱਕ ਪਹੁੰਚਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖੀ ਦੀਆਂ ਮੁੱਲਵਾਨ ਕਦਰਾਂ ਕੀਮਤਾਂ ਸਬੰਧੀ ਵੱਖ ਵੱਖ ਕਿਤਾਬਚੇ ਛਪਵਾ ਕੇ ਪੂਰੇ ਪੰਜਾਬ ਦੇ ਸਕੂਲਾਂ ਵਿਚ ਭੇਜੇ ਜਾਣ ਨੂੰ ਯਕੀਨੀ ਬਣਾਏਗੀ। ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਸੂਬਿਆਂ ਅੰਦਰ ਵੀ ਵੱਖ ਵੱਖ ਭਾਸ਼ਾਵਾਂ ਵਿਚ ਕਿਤਾਬਚੇ ਪ੍ਰਕਾਸ਼ਿਤ ਕਰ ਕੇ ਮੁਫਤ ਵੰਡੇ ਜਾਣਗੇ। ਉਨ੍ਹਾਂ ਸ. ਗੁਰਪ੍ਰੀਤ ਸਿੰਘ ਝੱਬਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਨੌਜੁਆਨਾਂ ਅਤੇ ਬੱਚਿਆਂ ਅੰਦਰ ਗੁਰਮਤਿ ਦਾ ਸੰਚਾਰ ਕਰਨ ਲਈ ਅਹਿਮ ਰੋਲ ਨਿਭਾਉਂਦੇ ਹਨ। ਉਨ੍ਹਾਂ ਸਿੱਖ ਸੰਸਥਾਵਾਂ, ਵਿਦਿਅਕ ਅਦਾਰਿਆਂ ਦੇ ਮੁਖੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਗੁਰਮਤਿ ਰਹਿਣੀ ਨਾਲ ਜੋੜਨ ਲਈ ਸੰਯੁਕਤ ਯਤਨ ਕਰਨ ਅਤੇ ਇਸ ਦੇ ਨਾਲ ਹੀ ਸਮਾਜਿਕ ਕੁਰੀਤੀਆਂ ਪ੍ਰਤੀ ਵੀ ਸੁਚੇਤ ਕਰਨ।
ਇਸ ਤੋਂ ਪਹਿਲਾਂ ਕੈਂਪ ਦੇ ਪ੍ਰਬੰਧਕ ਅਤੇ ਹਲਕਾ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਨੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਕੈਂਪ ਵਿਚ ਸਹਿਯੋਗ ਦੇਣ ਵਾਲੇ ਗ੍ਰੰਥੀਆਂ, ਹਲਕਾ ਨਿਵਾਸੀਆਂ ਅਤੇ ਕੈਂਪ ‘ਚ ਸ਼ਾਮਲ ਰਹੇ ਬੱਚਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਇਹ ਕੈਂਪ ਹਰ ਸਾਲ ਲਗਾਉਣ ਦੀ ਵਚਨਬੱਧਤਾ ਵੀ ਪ੍ਰਗਟਾਈ।
ਇਸੇ ਦੌਰਾਨ ਵੱਖ ਵੱਖ ਪਿੰਡਾਂ ਵਿਚ ਲਗਾਏ ਕੈਂਪਾਂ ਵਿੱਚੋਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ੫੪੦ ਬੱਚਿਆਂ ਦਾ ਗੁਰਮਤਿ ਸਬੰਧੀ ਲਿਖਤੀ ਪੇਪਰ ਲਿਆ ਗਿਆ, ਜਿਸ ਵਿੱਚੋਂ ਵਿੱਚੋਂ ਅੱਵਲ ਆਏ ੯ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ. ਗੁਰਪ੍ਰੀਤ ਸਿੰਘ ਝੱਬਰ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸਨਮਾਨ ਚਿੰਨ੍ਹ ਤੇ ਸਨਮਾਨ ਪੱਤਰ ਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ। ਵੱਖ ਵੱਖ ਦਰਜਿਆਂ ਵਿਚ ਲਈ ਇਸ ਲਿਖਤੀ ਪ੍ਰੀਖਿਆ ਵਿਚੋਂ ਪਹਿਲੇ ਸਥਾਨ ‘ਤੇ ਆਏ ਤਿੰਨ ਬੱਚਿਆਂ ਨੂੰ ੫੧-੫੧ ਸੌ ਰੁਪਏ, ਦੂਸਰੇ ਸਥਾਨ ਵਾਲਿਆਂ ਨੂੰ ੪੧-੪੧ ਸੌ ਰੁਪਏ, ਜਦਕਿ ਤੀਸਰੇ ਸਥਾਨ ਵਾਲਿਆਂ ਨੂੰ ੩੧-੩੧ ਸੌ ਰੁਪਏ ਦਿਤੇ ਗਏ। ਇਸ ਤੋਂ ਇਲਵਾ ਕੈਂਪਾਂ ਦੌਰਾਨ ਭਾਗ ਲੈਣ ਵਾਲੇ ੩੦੩੫ ਬੱਚਿਆਂ ਨੂੰ ਵੀ ਮੈਡਲ ਤੇ ਸਨਮਾਨ ਪੱਤਰ ਦਿੱਤੇ ਗਏ। ਸਮਾਗਮ ਸਮੇਂ ਕੈਂਪ ਪਿੰਡਾਂ ਦੇ ਉਨ੍ਹਾਂ ਗ੍ਰੰਥੀਆਂ ਅਤੇ ਪ੍ਰਚਾਰਕਾਂ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਨੇ ਮਹੀਨਾ ਭਰ ਚੱਲੇ ਕੈਂਪਾਂ ਵਿਚ ਸੇਵਾਵਾਂ ਨਿਭਾਈਆਂ ਸਨ। ਇਸ ਮੌਕੇ ਗੱਤਕਾ ਅਕੈਡਮੀਆਂ ਤੇ ਸਕੂਲ਼ਾਂ ਦੇ ਬੱਚਿਆਂ ਨੇ ਗੱਤਕਾ ਪ੍ਰਦਰਸ਼ਨ ਦੇ ਜੌਹਰ ਵੀ ਵਿਖਾਏ।
ਇਸ ਮੌਕੇ ਸ. ਹਰਦੇਵ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਉਦੈ ਸਿੰਘ ਲੌਂਗੋਵਾਲ, ਸ. ਗੁਰਮੇਲ ਸਿੰਘ ਫਫੜੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ੍ਰੀ ਮੁਨੀਸ਼ ਬੱਬੀ ਦਾਨੇਵਾਲੀਆ, ਸ੍ਰੀ ਪ੍ਰੇਮ ਅਰੋੜਾ ਸ਼ਹਿਰੀ ਪ੍ਰਧਾਨ, ਸ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਸ. ਕਰਨ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸ. ਭੋਲਾ ਸਿੰਘ ਇੰਚਾਰਜ, ਸ. ਸਤਨਾਮ ਸਿੰਘ ਝੱਬਰ ਅਤੇ ਹੋਰ ਹਾਜ਼ਰ ਸਨ।