– ਜਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸਿੱਖ ਧਰਮ ਸੰਸਾਰ ਦਾ ਵਿਲੱਖਣ ਧਰਮ ਹੈ। ਸਿੱਖ ਧਰਮ ਦੇ ਅਮੀਰ ਵਿਰਸੇ ਵਿਚ ਨੈਤਿਕ ਕਦਰਾਂ-ਕੀਮਤਾਂ, ਸੁਨਹਿਰੀ ਅਸੂਲ ਅਤੇ ਜਬਰ-ਜੁਲਮ ਵਿਰੁੱਧ ਦ੍ਰਿੜ੍ਹਤਾ ਨਾਲ ਖੜ੍ਹਨ ਜਿਹੇ ਗੁਣ ਸ਼ੁਮਾਰ ਹਨ। ਵਿਰਸੇ ਦੀ ਅਮੀਰੀ ਕਾਰਨ ਹੀ ਇਹ ਆਪਣੇ ਥੋੜ੍ਹੇ ਜਿਹੇ ਸਮੇਂ ਵਿਚ ਸੰਸਾਰ ਦੇ ਧਰਮਾਂ ਦੇ ਇਤਿਹਾਸ ਅੰਦਰ ਆਪਣਾ ਪ੍ਰਥਮ ਸਥਾਨ ਧਾਰਨ ਕਰੀ ਬੈਠਾ ਹੈ। ਜਦੋਂ ਸਿੱਖ ਧਰਮ ਦੀਆਂ ਪਰੰਪਰਾਵਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਸ਼ਹਾਦਤ ਦੀ ਪਰੰਪਰਾ ਦਾ ਅੱਖਾਂ ਅੱਗੋਂ ਲੰਘਣਾ ਸੁਭਾਵਕ ਹੈ। ਇਤਿਹਾਸ ਨੂੰ ਪੜਚੋਲੀਏ ਤਾਂ ਸਿੱਖ ਧਰਮ ਅੰਦਰ ਸ਼ਹਾਦਤਾਂ ਦੀ ਲੰਮੀ ਫਹਿਰਿਸਤ ਮਿਲਦੀ ਹੈ। ਕੁਰਬਾਨੀ ਦੀ ਨੀਂਹ ਸਿੱਖ ਧਰਮ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਰੱਖ ਦਿੱਤੀ ਸੀ। ਪਹਿਲੇ ਪਾਤਸ਼ਾਹ ਨੇ ਇਸ ਸਬੰਧੀ ਬਚਨ ਕੀਤੇ ਹਨ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥  (ਪੰਨਾ ੧੪੧੨)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਬਚਨਾਂ ‘ਤੇ ਪਹਿਰਾ ਦੇਣ ਵਾਲੇ ਸਮਰਪਤ ਸਿਦਕੀ ਸਿੱਖਾਂ ਦੀ ਲੜੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਵੀ ਸੁਭਾਇਮਾਨ ਹੈ। ਇਸ ਮਹਾਨ ਸਿੱਖ ਜਰਨੈਲ ਦੀ ਅਗਵਾਈ ‘ਚ ਜੁਝਾਰੂ ਸਿੰਘਾਂ ਨੇ ਮੈਦਾਨ-ਏ-ਜੰਗ ਵਿਚ ਸਿੱਖੀ ਅਸੂਲਾਂ ‘ਤੇ ਪਹਿਰਾ ਦਿੰਦਿਆਂ ਹੱਕ-ਸੱਚ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੀ ਅਤੇ ਜੁਲਮ ਦਾ ਡਟ ਕੇ ਮੁਕਾਬਲਾ ਕੀਤਾ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿਰਦੇਸ਼ਾਂ ਅਨੁਸਾਰ ਚੱਲਦਿਆਂ ਹੋਇਆਂ ਪਹਿਲੀ ਵਾਰ ਸਰਹਿੰਦ ‘ਤੇ ਖਾਲਸਾ ਰਾਜ ਦਾ ਨਿਸ਼ਾਨ ਝੁਲਾ ਕੇ ਸੁਤੰਤਰ ਸਿੱਖ ਰਾਜ ਸਥਾਪਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਘਾਲਣਾ ਵਿਸ਼ੇਸ਼ ਸਥਾਨ ਰੱਖਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਗੁਰਬਾਣੀ ਦੇ ਪਵਿੱਤਰ ਮਹਾਂਵਾਕ ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥’ ਵਿਚਲੀ ਸੂਰਮੇ ਦੀ ਪਰਿਭਾਸ਼ਾ ‘ਤੇ ਖਰਾ ਉੱਤਰੇ। ਰਾਜੌਰੀ, ਜ਼ਿਲ੍ਹਾ ਪੁਣਛ (ਜੰਮੂ ਕਸ਼ਮੀਰ) ‘ਚ ੧੬੭੦ ਈ. ਨੂੰ ਪੈਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਜੋ ਕਦੇ ਸੰਸਾਰ ਤੋਂ ਉਪਰਾਮ ਹੋਇਆ ਨਾਂਦੇੜ ਇਲਾਕੇ ਵਿਚ ਬੈਰਾਗੀ ਸਾਧੂਆਂ ਵਾਲਾ ਜੀਵਨ ਬਤੀਤ ਕਰ ਰਿਹਾ ਸੀ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਕ ਥਾਪੜੇ ਨਾਲ ਮਾਧੋ ਦਾਸ ਤੋਂ ‘ਗੁਰੂ ਕਾ ਬੰਦਾ’ ਬਣ ਕੇ ਪਾਤਸ਼ਾਹ ਦੀ ਸ਼ਰਨ ਵਿਚ ਆਇਆ ਤਾਂ ਕੱਚੇ ਲੋਹੇ ਤੋਂ ਸੁੱਚਾ ਸੋਨਾ ਬਣ ਗਿਆ। ਗੁਰੂ ਜੀ ਨੇ ਉਸ ਨੂੰ ਬੰਦਾ ਸਿੰਘ ਬਣਾ ਕੇ ਥਾਪੜਾ ਦਿੱਤਾ ਅਤੇ ‘ਧਰਮ ਚਲਾਵਨ ਸੰਤ ਉਬਾਰਨ। ਦੁਸਟ ਸਭਨ ਕੋ ਮੂਲ ਉਪਾਰਨ’ ਦੇ ਮਿਸ਼ਨ ਅਧੀਨ ਵਿਸ਼ੇਸ਼ ਜ਼ਿੰਮੇਵਾਰੀ ਦੇ ਕੇ ਪੰਜਾਬ ਭੇਜਿਆ।

ਪੰਜਾਬ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੀ ਖਿੰਡਰੀ-ਪੁੰਡਰੀ ਸ਼ਕਤੀ ਨੂੰ ਮੁੜ ਜਥੇਬੰਦ ਕੀਤਾ ਅਤੇ ਮੁਗ਼ਲ ਹਕੂਮਤ ਵਿਰੁੱਧ ਸੰਘਰਸ਼ ਆਰੰਭ ਕਰ ਦਿੱਤਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਖਾਲਸੇ ਦੀ ਜਥੇਬੰਦਕ ਸ਼ਕਤੀ ਨੂੰ ਲੈ ਕੇ ਅੱਗੇ ਵਧਿਆ ਤਾਂ ਮੁਗ਼ਲ ਸਲਤਨਤ ਦੇ ਵੱਡੇ ਵੱਡੇ ਥੰਮ੍ਹ ਹਿੱਲ ਗਏ। ਮੈਦਾਨ-ਏ-ਜੰਗ ਵਿਚ ਮੁਗ਼ਲ ਫੌਜਾਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਮਜ਼ਬੂਤ ਜ਼ਾਲਮ ਮੁਗ਼ਲ ਸਲਤਨਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਹੱਥੋਂ ਤਹਿਸ ਨਹਿਸ ਹੁੰਦਾ ਦੁਨੀਆ ਨੇ ਤੱਕਿਆ। ਜੁਲਮ ਦੇ ਪਤਨ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਅਜਿਹੀ ਸ਼ਕਤੀ ਵਿਖਾਈ ਕਿ ਉਹ ਜਿਥੇ ਵੀ ਹਮਲਾ ਕਰਦੇ ਉਨ੍ਹਾਂ ਨੂੰ ਫਤਹਿ ਨਸੀਬ ਹੁੰਦੀ। ਬਾਬਾ ਬੰਦਾ ਸਿੰਘ ਬਹਾਦਰ ਅਤੇ ਖਾਲਸਾ ਫੌਜਾਂ ਨੇ ਸਰਹਿੰਦ ਸ਼ਹਿਰ, ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਸ਼ਹਾਦਤ ਹੋਈ ਸੀ, ਦੀ ਇੱਟ ਨਾਲ ਇੱਟ ਖੜ੍ਹਕਾ ਕੇ ਫਤਹਿ ਪ੍ਰਾਪਤ ਕੀਤੀ ਤੇ ਪਹਿਲੀ ਵਾਰ ਸਿੱਖ ਰਾਜ ਦਾ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਖਾਲਸਾ ਰਾਜ ਕਾਇਮ ਕੀਤਾ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਨਾਅ ‘ਤੇ ਸਿੱਕਾ ਜਾਰੀ ਕੀਤਾ। ਇਸ ਤਰ੍ਹਾਂ ਉਨ੍ਹਾਂ ਦੀ ਘਾਲਣਾ ਨੂੰ ਸਿੱਖ ਇਤਿਹਾਸ ਵਿਚ ਵਿਸ਼ੇਸ਼ ਸਥਾਨ ਹਾਸਿਲ ਹੈ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਦਾਸਤਾਨ ਵੀ ਵਿਲੱਖਣ ਹੈ। ਗ੍ਰਿਫਤਾਰੀ ਉਪਰੰਤ ਮੁਗ਼ਲਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ। ਸ਼ਹੀਦ ਹੋਣ ਸਮੇਂ ਜਿਸ ਅਡੋਲਤਾ ਦਾ ਪ੍ਰਗਟਾਵਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਉਹ ਕੇਵਲ ਗੁਰੂ ਦਾ ਸੱਚਾ ਸਿੱਖ ਹੀ ਕਰ ਸਕਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਸ ਦੇ ਮਾਸੂਮ ਬੱਚੇ ਭਾਈ ਅਜੈ ਸਿੰਘ ਨੂੰ ਉਸ ਦੀ ਗੋਦ ਵਿਚ ਬਿਠਾ ਕੇ ਕਿਹਾ ਗਿਆ ਕਿ ਉਹ ਉਸ ਦਾ ਹੱਥੀਂ ਕਤਲ ਕਰੇ। ਬਾਬਾ ਬੰਦਾ ਸਿੰਘ ਵੱਲੋਂ ਇਨਕਾਰ ਕਰਨ ‘ਤੇ ਜੱਲਾਦ ਨੇ ਅਜੈ ਸਿੰਘ ਦੇ ਟੁਕੜੇ-ਟੁਕੜੇ ਕਰਕੇ ਉਸ ਦਾ ਤੜਫਦਾ ਹੋਇਆ ਕਲੇਜਾ ਕੱਢਿਆ ਤੇ ਬਾਬਾ ਬੰਦਾ ਸਿੰਘ ਦੇ ਮੂੰਹ ਵਿਚ ਤੁੰਨ ਦਿੱਤਾ। ਭਲਾ ਇਸ ਤੋਂ ਵੱਡਾ ਹੋਰ ਕੀ ਜ਼ੁਲਮ ਹੋ ਸਕਦਾ ਹੈ। ਇਹ ਜ਼ੁਲਮ ਦੀ ਸਿਖਰ ਸੀ, ਪਰ ਬਾਬਾ ਬੰਦਾ ਸਿੰਘ ਬਹਾਦਰ ਅਡੋਲ ਰਹੇ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦੀ ਗਾਥਾ ਵੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਹੈ। ਆਪ ਦੀਆਂ ਜੱਲਾਦ ਵੱਲੋਂ ਪਹਿਲਾਂ ਅੱਖਾਂ ਕੱਢੀਆਂ ਗਈਆਂ, ਫਿਰ ਹੱਥ ਪੈਰ ਵੱਢੇ ਗਏ। ਇਸ ਉਪਰੰਤ ਭਖਦੇ ਹੋਏ ਗਰਮ ਲੋਹੇ ਦੇ ਚਿਮਟਿਆਂ ਨਾਲ ਉਸ ਦੇ ਪਿੰਡੇ ਦੇ ਮਾਸ ਦੀਆਂ ਬੋਟੀਆਂ ਖਿੱਚ-ਖਿੱਚ ਕੇ ਤੋੜੀਆਂ। ਅੰਤ ਉਸ ਦਾ ਬੰਦ-ਬੰਦ ਕੱਟਿਆ ਗਿਆ ਅਤੇ ਸਿਰ ਧੜ੍ਹ ਤੋਂ ਅਲੱਗ ਕਰ ਦਿੱਤਾ ਗਿਆ। ਇਨ੍ਹਾਂ ਸਾਰੇ ਦੁੱਖ ਭਰੇ ਤਸੀਹਿਆਂ ਵਿਚ ਵੀ ਬਾਬਾ ਬੰਦਾ ਸਿੰਘ ਵਾਹਿਗੁਰੂ ਦੇ ਭਾਣੇ ਵਿਚ ਸ਼ਾਂਤ-ਚਿੱਤ ਤੇ ਅਡੋਲ ਰਹੇ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਸਰੋਤ ਹੈ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸਾਨੂੰ ਮੰਥਨ ਕਰਨ ਲਈ ਪ੍ਰੇਰਿਤ ਕਰਦੀ ਹੈ। ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਹੁਕਮਾਂ ਅਨੁਸਾਰੀ ਹੋ ਕੇ ਸਿੱਖੀ ਸਿਦਕ ਕਾਇਮ ਰੱਖਦਿਆਂ ਸ਼ਹਾਦਤ ਦਿੱਤੀ, ਇਸੇ ਤਰ੍ਹਾਂ ਅੱਜ ਵੱਡੀ ਲੋੜ ਹੈ ਕਿ ਗੁਰੂ ਸਾਹਿਬਾਨ ਦੇ ਦੱਸੇ ਮਾਰਗ ‘ਤੇ ਚੱਲਦਿਆਂ ਜੀਵਨ ਬਤੀਤ ਕੀਤਾ ਜਾਵੇ। ਗੁਰੂ ਸਾਹਿਬਾਨ ਵੱਲੋਂ ਬਖਸ਼ੀ ਜੀਵਨ ਜਾਚ ਨੂੰ ਆਪਣਾ ਆਦਰਸ਼ ਬਣਾਇਆ ਜਾਵੇ ਅਤੇ ਹੱਕ-ਸੱਚ ਤੇ ਪਹਿਰਾ ਦਿੰਦਿਆਂ ਜਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇ। ਗੁਰੂ ਬਚਨਾਂ ਦੀ ਸੇਧ ਵਿਚ ਸੱਚ ਧਰਮ ਲਈ ਸਦਾ ਤੱਤਪਰ ਰਹਿਣ ਦਾ ਪ੍ਰਣ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੱਚੀ ਸ਼ਰਧਾ ਹੋਵੇਗੀ।

ਜਾਰੀ ਕਰਤਾ:-  ਦਿਲਜੀਤ ਸਿੰਘ ‘ਬੇਦੀ’, ਮੀਡੀਆ ਸਕੱਤਰ ਸ਼੍ਰੋਮਣੀ ਕਮੇਟੀ।