ਸ਼੍ਰੋਮਣੀ ਕਮੇਟੀ ਦੇ ਵਫਦ ਨੇ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਦੇ ਨੁਮਾਇੰਦਿਆਂ ਨਾਲ ਕੀਤੀ ਬੈਠਕ

19 ਤੇ 20 ਜਨਵਰੀ 2019 ਨੂੰ ਸਮਾਗਮ ਕਰਵਾਉਣ ਦਾ ਲਿਆ ਫੈਸਲਾ

ਅੰਮ੍ਰਿਤਸਰ, 12 ਅਕਤੂਬਰ-
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੜੀਸਾ ਵਿਖੇ 19 ਤੇ 20 ਜਨਵਰੀ 2019 ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਜਾਣਗੇ। ਇਹ ਫੈਸਲਾ ਸ਼੍ਰੋਮਣੀ ਕਮੇਟੀ ਅਤੇ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਦੀ ਗੁਰਦੁਆਰਾ ਸਿੰਘ ਸਭਾ ਭੁਬਨੇਸ਼ਵਰ ਵਿਖੇ ਹੋਈ ਸਾਂਝੀ ਮੀਟਿੰਗ ਦੌਰਾਨ ਲਿਆ ਗਿਆ ਹੈ। ਇਸ ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਜੂਨੀਅਰ ਮੀਤ ਪ੍ਰਧਾਨ ਸ. ਹਰਪਾਲ ਸਿੰਘ ਜੱਲਾ, ਅੰਤ੍ਰਿੰਗ ਕਮੇਟੀ ਮੈਂਬਰ ਸ. ਲਖਬੀਰ ਸਿੰਘ ਅਰਾਈਆਂਵਾਲਾ ਤੇ ਮੀਤ ਸਕੱਤਰ ਸ. ਸਕੱਤਰ ਸਿੰਘ ਸ਼ਾਮਲ ਹੋਏ, ਜਦਕਿ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਵੱਲੋਂ ਸ. ਮਹਿੰਦਰ ਸਿੰਘ ਪ੍ਰਧਾਨ, ਸ. ਸਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਬਾਉਲੀ ਸਾਹਿਬ ਪੁਰੀ, ਸ. ਜਸਪਾਲ ਸਿੰਘ ਸਕੱਤਰ, ਸ. ਮਨਵੀਰ ਸਿੰਘ ਕੋਆਰਡੀਨੇਟਰ ਪ੍ਰਤੀਨਿਧੀ ਬੋਰਡ, ਸ. ਗੁਰਮੀਤ ਸਿੰਘ ਜਨਰਲ ਸਕੱਤਰ, ਸ. ਜਸਬੀਰ ਸਿੰਘ ਮੀਤ ਪ੍ਰਧਾਨ ਸੰਭਲਪੁਰ, ਸ. ਗੁਰਦੀਪ ਸਿੰਘ ਬੁਲਾਰਾ ਪ੍ਰਤੀਨਿਧੀ ਬੋਰਡ ਸਮੇਤ 30 ਤੋਂ ਜਿਆਦਾ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਮੁੱਚੇ ਸਿੱਖ ਪੰਥ ਵੱਲੋਂ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਾਨੌ-ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਇਤਿਹਾਸਕ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਵਿਦੇਸ਼ ਵਿਚ ਸਮਾਗਮ ਕਰਵਾਏ ਜਾਣਗੇ। ਇਸੇ ਤਹਿਤ ਹੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਉੜੀਸਾ ਭੇਜਿਆ ਗਿਆ ਹੈ ਜਿਸ ਨੇ ਉਥੇ ਦੇ ਸਿੱਖ ਨੁਮਾਇੰਦਿਆਂ ਨਾਲ ਇਕੱਤਰਤਾ ਕਰ ਕੇ ਉਥੇ ਕਰਵਾਏ ਜਾਣ ਵਾਲੇ ਸਮਗਾਮਾਂ ਦੀ ਰੂਪ ਰੇਖਾ ਬਣਾਈ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਤੇ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਵੱਲੋਂ ਸਾਂਝੇ ਤੌਰ ’ਤੇ ਉੜੀਸਾ ਵਿਖੇ ਸਮਾਗਮ ਕਰਵਾਏ ਜਾਣਗੇ, ਜਿਸ ਤਹਿਤ 19 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਬਾਉਲੀ ਸਾਹਿਬ ਪੁਰੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਾਵਨ ਅਸਥਾਨ ਹੈ, ਤੋਂ ਖਾਲਸਾਈ ਜਾਹੋ ਜਲਾਲ ਨਾਲ ਹੋਵੇਗੀ ਜੋ ਗੁਰਦੁਆਰਾ ਸਿੰਘ ਸਭਾ ਭੁਬਨੇਸ਼ਵਰ ਤੋਂ ਹੁੰਦਾ ਹੋਇਆ ਗੁਰਦੁਆਰਾ ਦਾਤਣ ਸਾਹਿਬ ਕੱਟਕ ਵਿਖੇ ਸੰਪੰਨ ਹੋਵੇਗਾ, ਜਿਥੇ 20 ਜਨਵਰੀ 2019 ਨੂੰ ਵਿਸ਼ਾਲ ਗੁਰਮਤਿ ਸਮਾਗਮ ਹੋਵੇਗਾ। ਉਨ੍ਹਾਂ ਦੱਸਿਆ ਕਿ 20 ਜਨਵਰੀ ਨੂੰ ਹੋਣ ਵਾਲੇ ਸਮਾਗਮ ਵਿਚ ਕੌਮ ਦੇ ਸਿੰਘ ਸਾਹਿਬਾਨ, ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਪ੍ਰਸਿੱਧ ਰਾਗੀ ਜਥੇ ਤੇ ਕਥਾਵਾਚਕ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਨਾਲ ਸੰਗਤ ਨੂੰ ਜੋੜਨਗੇ। ਉਨ੍ਹਾਂ ਦੱਸਿਆ ਕਿ ਇਕੱਤਰਤਾ ਦੌਰਾਨ ਸ. ਕਾਬਲ ਸਿੰਘ, ਸ. ਜਗਵਿੰਦਰ ਸਿੰਘ, ਸ. ਬਲਕਾਰ ਸਿੰਘ, ਸ. ਸਰਬਜੀਤ ਸਿੰਘ, ਹਰਦੀਪ ਸਿੰਘ, ਸ. ਸਤਬੀਰ ਸਿੰਘ, ਸ. ਗੁਰਜੀਤ ਸਿੰਘ, ਸ. ਅਨੂਪ ਸਿੰਘ, ਸ. ਨਿਰਮਲ ਸਿੰਘ, ਸ. ਸੁਖਚਰਨ ਸਿੰਘ, ਸ. ਅਵਤਾਰ ਸਿੰਘ, ਸ. ਨਛੱਤਰ ਸਿੰਘ, ਸ. ਸੁਖਦੇਵ ਸਿੰਘ, ਸ. ਜਗਜੀਤ ਸਿੰਘ, ਸ. ਇੰਦਰਜੀਤ ਸਿੰਘ, ਸ. ਸੁਰਿੰਦਰ ਸਿੰਘ ਮਸੇਤ ਹੋਰ ਹਾਜ਼ਰ ਸਨ।