ਸ. ਗੋਬਿੰਦ ਸਿੰਘ ਜੀ ਲੋਂਗੋਵਾਲ, ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ

ਭਾਈ ਗੋਬਿੰਦ ਸਿੰਘ ਲੋਂਗੋਵਾਲ ਦਾ ਜਨਮ 18 ਅਕਤੂਬਰ 1956 ਨੂੰ ਪਿਤਾ ਸ. ਪੋਹਲਾ ਸਿੰਘ ਤੇ ਮਾਤਾ ਸੰਤ  ਕੌਰ ਦੇ ਗ੍ਰਹਿ ਵਿਖੇ ਪਿੰਡ ਲੌਂਗੋਵਾਲ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਉਹ ਐਮ.ਏ. ਪੰਜਾਬੀ ਦੀ ਉੱਚ ਯੋਗਤਾ ਰੱਖਦੇ ਹਨ। ਉਨ੍ਹਾਂ ਨੂੰ ਲੰਮਾ ਸਮਾਂ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੀ ਸੰਗਤ ਮਾਣਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਆਪ ਨੇ ਸੰਤ ਜੀ ਪਾਸੋਂ ਰਾਜਨੀਤਕ ਤੌਰ ‘ਤੇ ਅਗਵਾਈ ਲੈ ਕੇ ਹੁਣ ਤੱਕ ਵੱਖ-ਵੱਖ ਸੇਵਾਵਾਂ ਦਿੱਤੀਆਂ।

ਮਿੱਠ ਬੋਲੜੇ, ਸਹਿਜ ਤੇ ਸੰਜਮ ਵਾਲੀ ਸ਼ਖਸੀਅਤ ਦੇ ਮਾਲਕ ਭਾਈ ਗੋਬਿੰਦ ਸਿੰਘ ਲੌਂਗੋਵਾਲ 1985 ਵਿਚ ਪਹਿਲੀ ਵਾਰ ਧਨੌਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਅਸੈਂਬਲੀ ਲਈ ਵਿਧਾਇਕ ਚੁਣੇ ਗਏ। ਉਹ ਮਾਰਕਫੈਡ ਪੰਜਾਬ ਦੇ ਚੇਅਰਮੈਨ ਵੀ ਰਹੇ। ਉਹ 1997 ਤੋਂ 2002 ਤੀਕ ਪੰਜਾਬ ਸਰਕਾਰ ਵਿਚ ਮੰਤਰੀ ਰਹੇ। 2002 ਤੋਂ 2007 ਤਕ ਉਹ ਦੁਬਾਰਾ ਵਿਧਾਇਕ ਬਣੇ ਅਤੇ 2015 ‘ਚ ਹਲਕਾ ਧੂਰੀ ਦੀ ਜ਼ਿਮਨੀ ਚੋਣ ਜਿੱਤ ਕੇ ਮੁੜ ਵਿਧਾਇਕ ਬਣੇ। ਉਹ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਵੀ ਰਹੇ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਸੰਨ 2011 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ। ਭਾਈ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਧਰਮ ਪ੍ਰਚਾਰ ਕਾਰਜਾਂ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਪੂਰੀ ਸ਼ਿੱਦਤ ਨਾਲ ਕਾਰਜਸ਼ੀਲ ਹਨ।