ਅੰਮ੍ਰਿਤਸਰ 4 ਜੂਨ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਹੀਰੋ ਮਾਸਟਰ ਤਾਰਾ ਸਿੰਘ ਦੀ ਤਸਵੀਰ ਸੰਸਦੀ ਭਵਨ ਵਿੱਚ ਲਗਾਉਣ ਲਈ ਭਾਰਤ ਦੇ  ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸ੍ਰੀਮਤੀ ਸੁਮਿੱਤਰਾ ਮਹਾਜਨ ਸਪੀਕਰ ਲੋਕ ਸਭਾ ਨੂੰ ਪੱਤਰ ਲਿਖਿਆ ਹੈ। ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਸੰਨ 2002 ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੇ ਮਾਸਟਰ ਤਾਰਾ ਸਿੰਘ ਦੀ ਤਸਵੀਰ ਸੰਸਦੀ ਭਵਨ ਵਿੱਚ ਲਗਵਾਈ ਸੀ, ਪਰੰਤੂ ਬੇਹੱਦ ਅਫਸੋਸ ਵਾਲੀ ਗੱਲ ਹੈ ਕਿ ਬਾਅਦ ਵਿੱਚ ਇਹ ਤਸਵੀਰ ਓਥੋਂ ਹਟਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਨੇ ਆਪਣੇ ਪੱਤਰ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸ੍ਰੀ ਮਤੀ ਸੁਮਿੱਤਰਾ ਮਹਾਜਨ ਸਪੀਕਰ ਲੋਕ ਸਭਾ ਨੂੰ ਲਿਖਿਆ ਹੈ ਕਿ ਭਾਰਤ ਦੇਸ਼ ਦੀ ਅਜ਼ਾਦੀ ਵਿੱਚ ਸਿੱਖਾਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ, ਪਰੰਤੂ ਸੰਸਦੀ ਭਵਨ ਵਿੱਚ ਕਿਸੇ ਵੀ ਸਿੱਖ ਦੀ ਤਸਵੀਰ ਮੌਜੂਦ ਨਹੀਂ ਹੈ। ਉਨ੍ਹਾਂ ਪ੍ਰਧਾਨ ਮੰਤਰੀ ਅਤੇ ਸਪੀਕਰ ਨੂੰ ਪੱਤਰ ਲਿਖਦਿਆਂ ਕਿਹਾ ਕਿ ਸਿੱਖ ਹੀਰੋ ਮਾਸਟਰ ਤਾਰਾ ਸਿੰਘ ਨੇ ਭਾਰਤ ਦੀ ਅਜ਼ਾਦੀ ਅਤੇ ਗੁਰਦੁਆਰਾ ਸੁਧਾਰ ਲਹਿਰ ਵਾਸਤੇ ਬੜੀ ਮਹੱਤਵਪੂਰਨ ਅਤੇ ਬੇਮਿਸਾਲ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਅੱਜ ਬੰਗਾਲ ਅਤੇ ਅੱਧਾ ਪੰਜਾਬ ਮਾਸਟਰ ਤਾਰਾ ਸਿੰਘ ਦੇ ਯਤਨਾ ਸਦਕਾ ਹੀ ਭਾਰਤ ਦੇਸ਼ ਕੋਲ ਹੈ। ਉਨ੍ਹਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ ਉੱਘੇ ਸੁਤੰਤਰਤਾ ਸੈਨਾਨੀ ਵੀਰ ਸਾਵਰਕਰ ਲਈ ਕਾਨੂੰਨੀ ਚਾਰਾਜੋਈ ਕੀਤੀ ਸੀ। ਜਥੇਦਾਰ ਅਵਤਾਰ ਸਿੰਘ ਨੇ ਪੱਤਰ ਵਿੱਚ ਮੰਗ ਕੀਤੀ ਹੈ ਕਿ ਮਾਸਟਰ ਤਾਰਾ ਸਿੰਘ ਵੱਲੋਂ ਭਾਰਤ ਦੇਸ਼ ਦੀ ਅਜਾਦੀ ਲਈ ਨਿਭਾਈ ਸ਼ਾਨਦਾਰ ਭੂਮਿਕਾ ਲਈ ਇਹ ਤਸਵੀਰ ਸੰਸਦ ਦੇ ਸੈਂਟਰਲ ਹਾਲ ਵਿਖੇ ਲਗਾਈ ਜਾਵੇ। ਇਸ ਨਾਲ ਸਿੱਖ ਕੌਮ ਦੇ ਹੀਰੋ ਮਾਸਟਰ ਤਾਰਾ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਹੋਵੇਗੀ ਜਿਸ ਨਾਲ ਸਰਕਾਰ ਸਾਰੀ ਸਿੱਖ ਕੌਮ ਦੀ ਪ੍ਰਸ਼ੰਸਾ ਦੀ ਪਾਤਰ ਬਣੇਗੀ।