** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **
ਅੰਮ੍ਰਿਤਸਰ, 7 ਜੁਲਾਈ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਅੰਮ੍ਰਿਤਸਰ ਵਿਖੇ ਆਧੁਨਿਕ ਤਕਨੀਕੀ ਸਹੂਲਤਾਂ ਨਾਲ ਭਰਪੂਰ ਵਾਲੇ 3 ਲੈਕਚਰ ਹਾਲ ਦਾ ਉਦਘਾਟਨ ਕੀਤਾ। ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਵੱਲੋਂ ਮਨੁੱਖਤਾ ਨੂੰ ਕਫਾਇਤੀ ਅਤੇ ਉੱਚ ਦਰਜੇ ਦੀਆਂ ਸਿਹਤ ਅਤੇ ਵਿਦਿਅਕ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਥੇ ਖੋਜ ਕਾਰਜ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀਆਂ ਸਹੂਲਤਾਂ ਵਾਲਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵਚਨਬੱਧ ਹੈ। ਇਸੇ ਤਹਿਤ ਹੀ ਇਸ ਸੰਸਥਾ ਵਿੱਚ ਤਿੰਨ ਨਵੇਂ ਆਧੁਨਿਕ ਲੈਕਚਰ ਹਾਲ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਅੱਜ ਦੇਸ਼ ਦੁਨੀਆ ਦੀਆਂ ਉੱਚ ਪੱਧਰੀ ਸੰਸਥਾਵਾਂ ਵਿੱਚ ਸ਼ਾਮਲ ਹੋ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੀ ਇਸ ਸੰਸਥਾ ਦੀ ਭਵਿੱਖੀ ਤਰਜੀਹ ਸਮੇਂ ਦੇ ਅਨੁਕੂਲ ਸਹੂਲਤਾਂ ਨਾਲ ਅੱਗੇ ਵਧਣਾ ਹੈ।
ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਕਿਹਾ ਕਿ ਇਥੇ ਨਾਮੁਰਾਦ ਬਿਮਾਰੀ ਕੈਂਸਰ ਦੇ ਇਲਾਜ ਲਈ ਬਿਹਤਰ ਪ੍ਰਬੰਧ ਹਨ ਅਤੇ ਇਸ ਦੇ ਨਾਲ ਹੀ ਜਨਨੀ ਭਲਾਈ ਸਕੀਮ ਤਹਿਤ ਜਣੇਪਾ, ਡਾਇਲਸਿਸ ਤੇ ਚਿੱਟੇ ਮੋਤੀਏ ਦੇ ਇਲਾਜ ਲਈ ਸੰਸਥਾ ਵੱਲੋਂ ਖਰਚਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਸਿਹਤ ਸੇਵਾਵਾਂ ਵੀ ਘੱਟ ਦਰਾਂ ’ਤੇ ਦਿੱਤੀਆਂ ਜਾਂਦੀਆਂ ਹਨ।
ਇਸ ਮੌਕੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਉੱਪਲ ਨੇ ਦੱਸਿਆ ਕਿ ਤਿਆਰ ਕੀਤੇ ਤਿੰਨ ਆਧੁਨਿਕ ਲੈਕਚਰ ਹਾਲ ਵਿਸ਼ਵ ਪੱਧਰੀ ਅਧਿਆਪਨ ਤਕਨੀਕਾਂ, ਆਡੀਓ ਵੀਡੀਓ ਡਿਜ਼ੀਟਲ ਸਹੂਲਤਾਂ ਵਾਲੇ ਹਨ, ਜਿਥੇ ਆਨਲਾਈਨ ਸੈਮੀਨਾਰ, ਕਾਨਫਰੰਸਾਂ ਅਤੇ ਕਲਾਸਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਹਾਲ ਭਵਿੱਖ ਵਿੱਚ ਆਉਣ ਵਾਲੀ ਤਕਨੀਕਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਸ. ਸਰਵਣ ਸਿੰਘ ਕੁਲਾਰ, ਮੈਡੀਕਲ ਕਾਲਜ ਟਰੱਸਟ ਦੇ ਸਕੱਤਰ ਸ. ਸਤਬੀਰ ਸਿੰਘ ਧਾਮੀ, ਐਡੀਸ਼ਨਲ ਸਕੱਤਰ ਅਤੇ ਡੀਨ ਡਾ. ਏਪੀ ਸਿੰਘ, ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਉੱਪਲ, ਡਾਇਰੈਕਟਰ ਪ੍ਰਿੰਸੀਪਲ ਡਾ. ਅਨੁਪਮਾ ਮਹਾਜਨ, ਰਜਿਸਟਰਾਰ ਡਾ. ਬਲਜੀਤ ਸਿੰਘ ਖੁਰਾਨਾ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਸ. ਸ਼ਾਹਬਾਜ਼ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਹਰਭਜਨ ਸਿੰਘ ਵਕਤਾ, ਇੰਚਾਰਜ ਸ. ਅਜ਼ਾਦਦੀਪ ਸਿੰਘ, ਡਾ. ਪੰਕਜ, ਡਾ. ਕਰਮਜੀਤ ਸਿੰਘ ਗਿੱਲ, ਡਾ. ਅਮਰਪ੍ਰੀਤ ਕੌਰ, ਡਾ. ਦਪਿੰਦਰ ਕੌਰ, ਅਤੇ ਡਾ. ਰਜੀਵ ਚੌਧਰੀ ਹਾਜ਼ਰ ਸਨ।