ਗੁਰਦੁਆਰਾ ‘ਗੁਰੂਸਰ’ ਕੋਟ ਸ਼ਮੀਰ, ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ ਛੋਹ ਦੀ ਯਾਦ ਵਿਚ ਸੁਭਾਇਮਾਨ ਹੈ। ਗੁਰੂ ਜੀ ਬਠਿੰਡੇ ਤੋਂ ਦਮਦਮਾ ਸਾਹਿਬ ਨੂੰ ਜਾਣ ਸਮੇਂ 1706 ਈ: ਵਿਚ ਭਾਗੀ ਬਾਂਦਰ ਤੋਂ ਇਥੇ ਆਏ ਅਤੇ ਪਿੰਡ ਤੋਂ ਬਾਹਰਵਾਰ ਇਕ ਢਾਬ ਦੇ ਕਿਨਾਰੇ ਨਿਵਾਸ ਕੀਤਾ। ਭਾਈ ਡੱਲਾ, ਗੁਰਦੇਵ ਦੇ ਆਦਰ-ਤਿਕਾਰ ਵਾਸਤੇ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਵਿਸ਼ੇਸ਼ ਰੂਪ ਵਿਚ ਇਥੇ ਆਇਆ। ਕੋਟ ਸ਼ਮੀਰ ਦਾ ਇਲਾਕਾ ਭਾਈ ਡੱਲੇ ਦੇ ਅਧਿਕਾਰ ਖੇਤਰ ਵਿਚ ਸੀ। ਗੁਰੂ ਜੀ ਭਾਈ ਡੱਲੇ ਤੇ ਗੁਰਸਿੱਖ ਸੰਗਤਾਂ ਸਮੇਤ ਜੰਡਾਲੀ ਟਿੱਬੇ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਸ੍ਰ: ਫਤਹਿ ਸਿੰਘ ਨੇ ਯਾਦਗਾਰੀ ਗੁਰੂ-ਘਰ ਦਾ ਨਿਰਮਾਣ ਕਰਵਾਇਆ। ਗੁਰਦੁਆਰਾ ਸਾਹਿਬ ਦੇ ਨਾਲ ਸਰੋਵਰ ਹੋਣ ਕਰਕੇ ‘ਗੁਰੂਸਰ’ ਦੇ ਨਾਮ ਨਾਲ ਪ੍ਰਸਿੱਧ ਹੈ। ਗੁਰਦੁਆਰਾ ਸਾਹਿਬ ਦੀ ਦੋ ਮੰਜ਼ਲੀ ਇਮਾਰਤ ਨਵੀਂ ਬਣੀ ਹੋਈ ਹੈ। ਇਹ ਅਸਥਾਨ ਪਿੰਡ ਕੋਟ ਸ਼ਮੀਰ ਤੋਂ ਥੋੜਾ ਬਾਹਰਵਾਰ ਹੈ।
ਇਸ ਅਸਥਾਨ ‘ਤੇ ਪਹਿਲੀ, ਪੰਜਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਅਤੇ ਖਾਲਸੇ ਦਾ ਸਿਰਜਣਾ ਦਿਹਾੜਾ ਵਿਸਾਖੀ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ- ਪ੍ਰਸ਼ਾਦਿ ਦਾ ਪ੍ਰਬੰਧ ਹੈ ਅਤੇ ਰਿਹਾਇਸ਼ ਵਾਸਤੇ ਵੀ ਦੋ ਕਮਰੇ ਬਣੇ ਹੋਏ ਹਨ। ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ। ਇਹ ਇਤਿਹਾਸਕ ਅਸਥਾਨ ਪਿੰਡ ਕੋਟ ਸ਼ਮੀਰ, ਤਹਿਸੀਲ/ਜ਼ਿਲਾ ਬਠਿੰਡਾ ਵਿਚ ਬਠਿੰਡਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਬਠਿੰਡਾ-ਤਲਵੰਡੀ ਸਾਬੋ ਰੋਡ ‘ਤੇ ਸਥਿਤ ਹੈ।
Gurdwara Text Courtesy :- Dr. Roop Singh, Secretary S.G.P.C.