ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

‘ਗੁਰਦੁਆਰਾ ਗੁਰੂਸਰ ਬਾਜ਼ੀਦਪੁਰ’ (ਫਿਰੋਜ਼ਪੁਰ)

ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਚਰਨ-ਛੋਹ ਪ੍ਰਾਪਤ ‘ਗੁਰਦੁਆਰਾ ਗੁਰੂ ਸਰ ਬਾਜ਼ੀਦਪੁਰ’ ਜ਼ਿਲ੍ਹਾ ਫਿਰੋਜ਼ਪੁਰ ਦਾ ਪ੍ਰਮੁੱਖ ਧਾਰਮਿਕ-ਇਤਿਹਾਸਕ ਅਸਥਾਨ ਹੈ। ਗੁਰਦੇਵ ਮੁਕਤਸਰ ਦੇ ਯੁੱਧ ਤੋਂ ਬਾਅਦ ਮਾਲਵੇ ਦੇਸ਼ ਦਾ ਉਧਾਰ ਕਰਦੇ ਹੋਏ ਇਥੇ ਪਹੁੰਚੇ। ਕਿਹਾ ਜਾਂਦਾ ਹੈ ਕਿ ਇਸ ਅਸਥਾਨ ‘ਤੇ ਗੁਰੂ ਜੀ ਨੇ ਬਾਜ਼ ਤੋਂ ਤਿੱਤਰ ਦਾ ਸ਼ਿਕਾਰ ਕਰਵਾਇਆ, ਜਿਸ ਕਰਕੇ ਇਸ ਅਸਥਾਨ ਨੂੰ ‘ਤਿੱਤਰ ਸਰ’ ਵੀ ਕਿਹਾ ਜਾਂਦਾ ਹੈ।

ਇਸ ਗੁਰ-ਅਸਥਾਨ ਦੀ ਸੇਵਾ ਸਭ ਤੋਂ ਪਹਿਲਾਂ ਸ੍ਰ: ਬਿਸ਼ਨ ਸਿੰਘ ਜੀ ਆਹਲੂਵਾਲੀਆ ਨੇ ਕਰਵਾਈ, ਜੋ ਮਹਾਰਾਜਾ ਰਣਜੀਤ ਸਿੰਘ ਦੇ ਅਹਿਲਕਾਰ ਸਨ। ਫਿਰ ਫ਼ਰੀਦਕੋਟ ਦੇ ਮਹਾਰਾਜਾ ਬਰਜਿੰਦਰ ਸਿੰਘ ਜੀ ਦੀ ਮਾਤਾ ਨਰੇਂਦਰ ਕੌਰ ਨੇ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ। ਹੁਣ ਗੁਰਦੁਆਰਾ ਸਾਹਿਬ ਦੀ ਨਵੀਂ ਪੰਜ- ਮੰਜ਼ਲਾ ਇਮਾਰਤ ਬਣਾਈ ਗਈ ਹੈ ਜੋ 1985 ਈ: ‘ਚ ਪੂਰੀ ਹੋਈ ਹੈ।

‘ਗੁਰਦੁਆਰਾ ਗੁਰੂਸਰ ਬਾਜ਼ੀਦਪੁਰ’ ਪਿੰਡ ਬਾਜ਼ੀਦਪੁਰ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਵਿਚ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਫ਼ਿਰੋਜ਼ਪੁਰ-ਮੋਗਾ ਰੋਡ ‘ਤੇ ਸਥਿਤ ਹੈ। ਯਾਤਰੂਆਂ ਦੀ ਰਿਹਾਇਸ਼ ਵਾਸਤੇ 4 ਕਮਰੇ ਹਨ। ਲੰਗਰ-ਪ੍ਰਸ਼ਾਦਿ ਦਾ ਵੀ ਵਧੀਆ ਪ੍ਰਬੰਧ ਹੈ।

 

Gurdwara Text Courtesy :- Dr. Roop Singh, Secretary S.G.P.C.