ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਦੀ ਲੋੜ : ਵਿਰਕ
ਅੰਮ੍ਰਿਤਸਰ 27 ਮਈ ( ) ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਬਾਉਲੀ ਸਾਹਿਬ ਪਾਤਸ਼ਾਹੀ ਛੇਵੀਂ ਅੰਬਾਲਾ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਅਜੈ ਸਿੰਘ ਤੇ ਨਾਲ ਸ਼ਹੀਦ ਹੋਏ ਸਿੰਘਾਂ ਦੇ ੩੦੦ ਸਾਲਾ ਸ਼ਹੀਦੀ ਨੂੰ ਸਮਰਪਿਤ ਪੂਰੇ ਜਾਹੋ ਜਲਾਲ ਨਾਲ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋਇਆ।ਇਹ ਉਹ ਪਾਵਨ ਧਰਤੀ ਹੈ ਜਿੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਦੀ ਮੰਗ ਤੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਬਾaੁਲੀ ਦੀ ਖੁਦਾਈ ਖੁਦ ਟੱਕ ਲਗਾ ਕੇ ਸ਼ੁਰੂ ਕਰਵਾਈ ਅਤੇ ਵਰ ਦਿੱਤਾ ਕਿ ਜੋ ਪ੍ਰਾਣੀ ਇਸ ਪਾਵਨ ਜਲ ਨੂੰ ਛਕੇਗਾ, ਇਸ਼ਨਾਨ ਕਰੇਗਾ ਉਸ ਦੇ ਸਾਰੇ ਰੋਗ ਦੂਰ ਹੋਣਗੇ ਤੇ ਮਨੋਕਾਮਨਾਵਾਂ ਪੂਰਨ ਹੋਣਗੀਆਂ।ਸ਼ਬਦ ਗੁਰੂ, ਸਾਂਝੀਵਾਲਤਾ ਦੇ ਪ੍ਰਤੀਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਤੇ ਪੰਥ ਦੀ ਚੜ੍ਹਦੀ ਕਲਾ ਨੂੰ ਦਰਸਾਉਂਦੇ ਨਿਸ਼ਾਨਚੀ ਸਿੰਘਾਂ ਨਾਲ ਸਤਿਨਾਮੁ-ਵਾਹਿਗੁਰੂ ਦਾ ਜਾਪੁ ਕਰਦੀਆਂ ਤੇ ਫੁੱਲਾਂ ਦੀ ਵਰਖਾ ਕਰਦੀਆਂ ਸੰਗਤਾਂ ਪੂਰੇ ਉਤਸ਼ਾਹ ਤੇ ਜੋਸ਼ ਨਾਲ ਅੱਗੇ ਵੱਧ ਰਹੀਆਂ ਸਨ।ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਬਾਉਲੀ ਸਾਹਿਬ ਪਾਤਸ਼ਾਹੀ ਛੇਵੀਂ ਦੇ ਹਜ਼ੂਰੀ ਰਾਗੀ ਭਾਈ ਕੁਲਵੰਤ ਸਿੰਘ ਦੇ ਜਥੇ ਵੱਲੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਭਾਈ ਜਗਤਾਰ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਬਾਉਲੀ ਸਾਹਿਬ ਅੰਬਾਲਾ ਨੇ ਅਰਦਾਸ ਉਪਰੰਤ ਪਵਿੱਤਰ ਹੁਕਮਨਾਮਾ ਲਿਆ।
ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਨਾਂਦੇੜ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘ ਸਜਾਇਆ ਤੇ ਖਾਲਸੇ ਦਾ ਆਗੂ ਥਾਪ ਕੇ ਜ਼ਾਲਮਾਂ ਦੀ ਸੋਧ ਕਰਨ ਹਿੱਤ ਪੰਜਾਬ ਵੱਲ ਤੋਰਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਖ਼ਾਲਸੇ ਨੇ ਪੰਜਾਬ ਵਿੱਚ ਇਕ ਅਜਿਹਾ ਸਿੰਘ ਪੈਦਾ ਕੀਤਾ ਕਿ ਮੁਗਲ ਰਾਜ ਦੇ ਮਹਿਲ ਢਹਿ-ਢੇਰੀ ਹੋਣ ਲੱਗੇ।ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਖਾਲਸਾ ਪੰਥ ਸੁਤੰਤਰ ਸੋਚ, ਹੋਂਦ, ਹਸਤੀ ਤੇ ਵਿਚਾਰ ਲੈ ਕੇ ਪੈਦਾ ਹੋਇਆ ਹੈ।ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਪੰਥ ਪ੍ਰਸਤੀ ਪੰਥਕ ਸੇਵਾ ਦਾ ਸਬੂਤ ਹੈ ਕਿ ਉਨ੍ਹਾਂ ਬਾਦਸ਼ਾਹੀ ਪ੍ਰਾਪਤ ਕਰ ਆਪਣੇ ਨਾਮ ਦਾ ਸਿੱਕਾ ਨਹੀਂ ਚਲਾਇਆ।ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਸਿੱਖ ਆਪਣੇ ਗੁਰੂ ਤੋਂ ਬੇਮੁੱਖ ਨਹੀਂ ਹੋਇਆ ਤੇ ਉਨ੍ਹਾਂ ਦੇ ਆਦੇਸ਼ਾਂ ਤੇ ਸਰਹੰਦ ਫਤਹਿ ਕਰਕੇ ਇਕ ਸੁਤੰਤਰ ਰਾਜ ਦੀ ਸਥਾਪਨਾ ਕੀਤੀ।ਉਨ੍ਹਾਂ ਕਿਹਾ ਕਿ ਆਖਰੀ ਸਮੇਂ ਤੀਕ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਸਭ ਨੂੰ ਪ੍ਰੇਰਨਾ ਲੈਣ ਦੀ ਲੋੜ ਹੈ।
ਉਨ੍ਹਾਂ ਸਮਾਗਮ ਵਿੱਚ ਸ਼ਾਮਿਲ ਸਮੂਹ ਧਾਰਮਿਕ ਸਭਾ ਸੁਸਾਇਟੀਆਂ, ਸਕੂਲਾਂ ਕਾਲਜਾਂ ਦੇ ਬੱਚਿਆਂ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ। ਉਪਰੰਤ ਸਮਾਗਮ ਵਿੱਚ ਸ਼ਾਮਿਲ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ।ਅੱਤ ਦੀ ਗਰਮੀ ਦੇ ਬਾਵਜੂਦ ਸ਼ਰਧਾਵਾਨ ਸੰਗਤਾਂ ਅਡੋਲ ਚਿੱਤ ਗੁਰੂ ਰੰਗ ਵਿੱਚ ਰੰਗੀਆਂ ਆਪਣੀ ਮੰਜ਼ਿਲ ਸਰ ਕਰ ਰਹੀਆਂ ਸਨ।ਫੁੱਲਾਂ ਨਾਲ ਸਜਾਈ ਗਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ-ਪਿੱਛੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਬਸਤਰ, ਹੱਥ ਲਿਖਤ ਪੋਥੀ, ਕੰਘਾ ਤੇ ਕੇਸਾਂ ਦੇ ਦਰਸ਼ਨ ਕਰਾਉਣ ਵਾਲੀ ਗੱਡੀ ਵੀ ਨਾਲ-ਨਾਲ ਚੱਲ ਰਹੀ ਸੀ।ਨਗਰ ਕੀਰਤਨ ਵਿੱਚ ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਪਣੀ ਪੂਰੀ ਟੀਮ ਨਾਲ ਭੇਟਾ ਰਹਿਤ ਲਿਟਰੇਚਰ ਸੰਗਤਾਂ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਜੋਂ ਵੰਡਿਆ ਜਾ ਰਿਹਾ ਹੈ।ਸ਼ਰਧਾਲੂ ਸੰਗਤਾਂ ਵੱਲੋਂ ਪੂਰੇ ਰਾਹ ਵਿੱਚ ਪ੍ਰਸ਼ਾਦਾ ਤੇ ਚਾਹ ਦੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ।
ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਬਾਉਲੀ ਸਾਹਿਬ ਪਾਤਸ਼ਾਹੀ ਛੇਵੀਂ ਅੰਬਾਲਾ ਤੋਂ ਰਵਾਨਾ ਹੋ ਕੇ ਅੰਬਾਲਾ ਛਾਉਣੀ, ਸ਼ਾਹਪੁਰ, ਮਛੋਂਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸ਼ਾਹਪੁਰ ਮਾਰਕੰਡਾ, ਮੀਰੀ-ਪੀਰੀ ਹਸਪਤਾਲ, ਰਤਨਗੜ੍ਹ, ਸ਼ਰੀਫਗੜ੍ਹ, ਧੰਨਧੇੜੀ, ਮਸਾਣਾ, ਪਿਪਲੀ, ਸਮਾਣਾ ਬਾਊ, ਨੀਲੋਖੇੜੀ, ਤਰਾਵੜੀ, ਸ਼ਾਮਗੜ੍ਹ, ਲਿਬਰਟੀ ਚੌਂਕ, ਆਈ.ਟੀ.ਆਈ. ਚੌਂਕ, ਮਾਡਲ ਟਾਊਨ ਸੈਕਟਰ-੧੩ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਡੇਰਾ ਕਾਰ ਸੇਵਾ ਕਲੰਦਰੀ ਗੇਟ, ਕਰਨਾਲ (ਹਰਿਆਣਾ) ਵਿਖੇ ਕਰੇਗਾ ਇਸੇ ਤਰ੍ਹਾਂ ੨੮ ਮਈ ੨੦੧੬ ਨੂੰ ਉਕਤ ਸਥਾਨ ਤੋਂ ਚੱਲ ਕੇ ਰਾਤ ਗੁਰਦੁਆਰਾ ਸਾਹਿਬ ਮਜਨੂੰ ਟਿੱਲਾ ਦਿੱਲੀ ਵਿਖੇ ਠਹਿਰੇਗਾ।
ਇਸ ਮੌਕੇ ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਰਤਨ ਸਿੰਘ ਜਫਰਵਾਲ, ਸ. ਕਸ਼ਮੀਰ ਸਿੰਘ ਬਰਿਆਰ ਤੇ ਸ. ਗੁਰਦੀਪ ਸਿੰਘ ਭਾਨੋਖੇੜੀ ਮੈਂਬਰ ਸ਼੍ਰੋਮਣੀ ਕਮੇਟੀ, ਸ. ਬਿਜੈ ਸਿੰਘ ਤੇ ਸ. ਪ੍ਰਤਾਪ ਸਿੰਘ ਵਧੀਕ ਸਕੱਤਰ, ਸ. ਚਾਨਣ ਸਿੰਘ ਮੀਤ ਸਕੱਤਰ, ਸ. ਅਰਵਿੰਦਰ ਸਿੰਘ ‘ਸਾਸਨ’ ਏ ਪੀ ਆਰ ਓ ਪਬਲੀਸਿਟੀ, ਸ. ਪਰਮਜੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਬਾਉਲੀ ਸਾਹਿਬ ਅੰਬਾਲਾ, ਸ. ਗੁਰਤਿੰਦਰਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਕੰਧ ਸਾਹਿਬ, ਸ. ਰਣਜੀਤ ਸਿੰਘ ਮੈਨੇਜਰ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ, ਸ. ਇਕਬਾਲ ਸਿੰਘ ਮੈਨੇਜਰ ਗੁਰਦੁਆਰਾ ਪੰਜੋਖਰਾ ਸਾਹਿਬ ਅੰਬਾਲਾ, ਸ. ਮਨਪ੍ਰੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਕੁਰੂਕਸ਼ੇਤਰ ਹਰਿਆਣਾ, ਸ. ਸ਼ਰਨਜੀਤ ਸਿੰਘ ਸੋਥਾ ਪ੍ਰਧਾਨ ਹਰਿਆਣਾ ਅਕਾਲੀ ਦਲ, ਸ. ਹਰਦੀਪ ਸਿੰਘ ਚੇਅਰਮੈਨ ਕਰਨਾਲ, ਸ. ਹਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਸ. ਸਤਿੰਦਰਪਾਲ ਸਿੰਘ ਬੰਟੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ, ਸ. ਹਰਕੇਸ਼ ਸਿੰਘ ਮੌੜੀ ਜ਼ਿਲ੍ਹਾ ਪ੍ਰਧਾਨ, ਸ. ਮਨਜੀਤ ਸਿੰਘ ਬੱਬੂ ਸ਼ਹਿਰੀ ਪ੍ਰਧਾਨ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।