ਸਿਧਾਂਤ ਰੂਪ ਵਿਚ ਦੇਖੀਏ ਤਾਂ ‘ਸ੍ਰੀ ਅਕਾਲ ਤਖ਼ਤ ਸਾਹਿਬ’ ਗੁਰੁ-ਪੰਥ ਦੀ ਪ੍ਰਤੀਨਿਧ ਸੰਸਥਾ ਹੈ, ਜਿਸ ’ਤੇ ਕਿਸੇ ਵਿਅਕਤੀ ਵਿਸ਼ੇਸ਼ ਦਾ ਅਧਿਕਾਰ ਨਹੀਂ। ‘ਗੁਰੂ-ਪੰਥ’ ਦੋ ਸ਼ਬਦਾਂ ਦਾ ਸਮਾਜ ਹੈ, ਜਿਸ ਵਿਚ ਗੁਰੁ ਗ੍ਰੰਥ ‘ਜੋਤਿ’ ਤੇ ਪੰਥ ‘ਜੁਗਤਿ’ ਦਾ ਲਖਾਇਕ ਹੈ। ਇਨ੍ਹਾਂ ਦੋਨਾਂ ਸ਼ਬਦਾਂ ਦੀ ਵਰਤੋਂ ‘ਗੁਰਮਤਿ ਵਿਚਾਧਾਰਾ’ ਵਿਚ ਸ਼ੁਰੂ ਤੋਂ ਹੀ ਹੈ। ‘ਗੁਰੂ-ਪੰਥ ਦੇ ਸਿਧਾਂਤ ਨੂੰ ਸਮਝਣ ਲਈ ਇਨ੍ਹਾਂ ਸ਼ਬਦਾਂ ਦੇ ਅਰਥ ਜਾਣਨਾ ਜ਼ਰੂਰੀ ਹਨ। ਗੁਰੂ ਦੇ ਅਰਥ ‘ਗੁਰੁ’ ਸ਼ਬਦ ਤੋਂ ਹੈ, ਇਹ ਸ਼ਬਦ ‘ਗ੍ਰੀ’ ਧਾਤੂ ਤੋਂ ਬਣਿਆ ਹੈ, ਜਿਸ ਦੇ ਅਰਥ ਹਨ – ਨਿਗਲਣਾ ਅਤੇ ਸਮਝਾਉਣਾ, ਜੋ ਅਗਿਆਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵ-ਗਿਆਨ ਸਮਝਾਉਂਦਾ ਹੈ, ਉਹ ਗੁਰੂ ਹੈ। ਗੁਰਬਾਣੀ ਵਿਚ ਗੁਰ, ਗੁਰੂ ਅਤੇ ਗੁਰੂ ਸ਼ਬਦ ਇਕ ਹੀ ਅਰਥ ਵਿਚ ਆਏ ਹਨ।1 ਗੁਰੂ ਦੇ ਅਰਥ ਧਾਰਮਿਕ ਸਿੱਖਿਆ ਦੇਣ ਵਾਲਾ ਆਚਾਰਯ, ਕਿਸੇ ਮਤ ਨੂੰ ਚਲਾਉਣ ਵਾਲਾ, ਧਰਮ ਆਚਾਰਯ, ਉਸਤਾਦਾਂ, ਵਿੱਦਿਆ ਦੱਸਣ ਵਾਲਾ, ਪਿਤਾ, ਗੁਰੂ ਨਾਨਕ ਦੇਵ, ਪਾਰਬ੍ਰਹਮ, ਕਰਤਾਰ, ਆਦਿ ਵੀ ਮਿਲਦੇ ਹਨ। ਗੁਰਮਤਿ ਵਿਚਾਰਧਾਰਾ ਤੇ ਪਰੰਪਰਾ ਵਿਚ ‘ਗੁਰੂ’ ਸ਼ਬਦ ‘ਗੁਰੂ ਸਾਹਿਬਾਨ’, ‘ਸ੍ਰੀ ਗੁਰੂ ਗ੍ਰੰਥ ਸਾਹਿਬ’, ‘ਗੁਰੂ ਪੰਥ’ ਦੇ ਨਾਲ ਵਰਤਣ ਦਾ ਵਿਧਾਨ ਹੈ।
ਇਸ ਤਰ੍ਹਾਂ ਹੀ ‘ਪੰਥ’ ਦਾ ਅਰਥ – (1) ਜਾਣਾ, ਫਿਰਨਾ; (2) ਮਾਰਗ, ਰਸਤਾ; (3) ਪ੍ਰਮਾਤਮਾ ਦੀ ਪ੍ਰਾਪਤੀ ਦਾ ਰਾਹ, ਧਰਮ ਮਜ਼ਹਬ2 ਆਦਿ ਕੀਤੇ ਹਨ। ਗੁਰਮਤਿ ਵਿਚਾਰਧਾਰਾ ਵਿਚ ‘ਪੰਥ’ ਸ਼ਬਦ ਦੀ ਜ਼ਿਆਦਾ ਕਰਕੇ ਮਾਰਗ, ਰਸਤੇ ਜਾਂ ਧਰਮ, ਮਜ਼ਹਬ ਦੇ ਅਰਥਾਂ ਵਿਚ ਹੀ ਵਰਤੋਂ ਹੋਈ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਸਿੱਖ ਧਰਮ ਨੂੰ ‘ਨਾਨਕ ਨਿਰਮਲ ਪੰਥ’ ਕਿਹਾ ਹੈ :
ਮਾਰਿਆ ਸਿਕਾ ਜਗਤਿ ਵਿਚਿ, ਨਾਨਕ ਨਿਰਮਲ ਪੰਥ ਚਲਾਇਆ ॥3
ਹੋਰ :
ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥ ਬਿਰਾਲਾ ॥4
ਸਿਰਦਾਰ ਕਪੂਰ ਸਿੰਘ ਅਨੁਸਾਰ, ‘ਪੰਥ ਸ਼ਬਦ ਦਾ ਅਰਥ ਹੈ- ਰਾਹ ਜਾਂ ਜੀਵਨ ਦਾ ਚੰਗਾ ਢੰਗ। ਅਜੋਕੀ ਧਾਰਮਿਕ ਸ਼ਬਦਾਵਲੀ ਵਿਚ ‘ਪੰਥ’, ਸਿੱਖ ਧਰਮ ਅਤੇ ਉਨ੍ਹਾਂ ਦੀ ਅਦਿੱਖ ਰਹੱਸਮਈ ਦੇਹ ਲਈ ਵਰਤਿਆ ਜਾਂਦਾ ਹੈ, ਜੋ ਇਸ ਧਰਮ ਨੂੰ ਮੰਨਦੇ ਹਨ ਅਤੇ ਧਰਤੀ ਉੱਪਰ ਰੱਬ ਦੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਯਤਨਸ਼ੀਲ ਰਹਿੰਦੇ ਹਨ। ਸਾਰੇ ਸੱਚੇ ਸਿੱਖ ਇਸ ‘ਪੰਥ’ ਦੇ ਰਿਣੀ ਹਨ ਤੇ ਇਸ ਉੱਪਰ ਸ਼ਰਧਾ ਰੱਖਦੇ ਹਨ। ਇਕ ਸੱਚੇ ਸਿੱਖ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣਾ ਸਭ ਕੁਝ ਇਸ ‘ਪੰਥ’ ਤੋਂ ਕੁਰਬਾਣ ਕਰ ਦੇਵੇ। 5
‘ਪੰਥ’ ਦੀ ਸੰਪੂਰਨਤਾ ਇਸ ਨੂੰ ‘ਗੁਰੂ’ ਪਦਵੀ ਪ੍ਰਾਪਤ ਹੋਣ ਨਾਲ ਹੋਈ। ਪੰਜ ਪਿਅਰਿਆਂ-ਪੰਜ ਗੁਰਸਿੱਖਾਂ ਦੀ ਮਾਨਤਾ ਸਿੱਖ ਧਰਮ ਵਿਚ ਸ਼ੁਰੂ ਤੋਂ ਹੀ ਰਹੀ ਹੈ। ਗੁਰੂ ਗੋਬਿੰਦ ਸਿੰਘ ਜਹੀ ਨੇ ‘ਪੰਜਾਂ’ ਦੀ ਚੋਣ ਕਰ, ਪਹਿਲਾਂ ਉਨ੍ਹਾਂ ਨੂੰ ‘ਖੰਡੇ’ ਬਾਟੇ ਦੀ ‘ਪਾਹੁਲ’ ਬਖ਼ਸ਼ਿਸ਼ ਕੀਤੀ ਤੇ ਫਿਰ ‘ਪੰਜਾਂ ਪਿਆਰਿਆਂ’ ਨੂੰ ਗੁਰੂ ਰੂਪ ਸਵੀਕਾਰਦਿਆਂ, ਉਨ੍ਹਾਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ‘ਸਿੰਘ’ ਪਦਵੀ ਪ੍ਰਾਪਤ ਕੀਤੀ। ਪੰਜਾਂ ਪਿਆਰਿਆਂ ਨੇ ਪਹਿਲੀ ਵਾਰ ‘ਗੁਰੂ-ਪੰਥ’ ਦੇ ਰੂਪ ਵਿਚ ਚਮਕੌਰ ਦੀ ਗੜ੍ਹੀ ਛੱਡਣ ਦਾ ਆਦੇਸ਼, ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਕੇ ਆਪਣੇ ਗੁਰਤਾ ਦੇ ਅਧਿਕਾਰ ਦੀ ਵਰਤੋਂ ਕੀਤੀ।
ਇਤਿਹਾਸਕ ਤੌਰ ’ਤੇ ਅਸੀਂ ਦੇਖਦੇ ਹਾਂ ਕਿ 1699 ਈ: ਦੀ ਵੈਸਾਖੀ ਤੋਂ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ‘ਗੁਰੂ-ਦੀਖਿਆ’ ਦੇ ਅਧਿਕਾਰ ਨੂੰ ਖ਼ੁਦ ਵਿਅਕਤੀਗਤ ਰੂਪ ਵਿਚ ਕਦੇ ਨਹੀਂ ਵਰਤਿਆ। ਸਗੋਂ, ਇਹ ਦੈਵੀ ਅਧਿਕਾਰ ਹਮੇਸ਼ਾ ਪੰਜਾਂ ਪਿਆਰਿਆਂ ਦੇ ਅਧਿਕਾਰ ਖੇਤਰ ਵਿਚ ਸ਼ਾਮਲ ਕਰ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਨੇ ਗੁਰਆਈ ਦੇ ਵਿਅਕਤੀਗਤ ਅਤੇ ਸ਼ਬਦ ਰੂਪੀ ਪੱਖਾਂ ਨੂੰ ਵੱਖ-ਵੱਖ ਕਰ ਦਿੱਤਾ। ਗੁਰਆਈ ਦਾ ਇਕ ਪੱਖ ਖ਼ਾਲਸੇ ਨੂੰ ਤੇ ਪਵਿੱਤਰ ਗ੍ਰੰਥ ਸਾਹਿਬ ਨੂੰ ਸੌਪਿਆ ਗਿਆ। ਦੋਨਾਂ ਨੂੰ ਹੀ ‘ਗੁਰੂ’ ਦਾ ਪਦ ਪ੍ਰਾਪਤ ਹੋਇਆ, ਇਕ ਨੂੰ ਗੁਰੂ-ਗ੍ਰੰਥ ਤੇ ਦੂਜੇ ਨੂੰ ‘ਗੁਰੂ-ਪੰਥ’ ਕਿਹਾ ਗਿਆ।6
ਗੁਰਸਿੱਖਾਂ ਦੇ ਸਮੂੰਹ ਨੂੰ ‘ਗੁਰੂ-ਪੰਥ’ ਮੰਨਿਆ ਗਿਆ, ਪਰ ਸਮੂੰਹ ਗੁਰਸਿੱਖਾਂ ਦੀ ‘ਗੁਰੂ ਪੰਥ’ ਵਜੋਂ ਪ੍ਰਤੀਨਿਧਤਾ ਕਰਨ ਦਾ ਅਧਿਕਾਰ ‘ਪੰਜਾਂ ਗੁਰਸਿੱਖਾਂ’ ਪਾਸ ਹੈ, ਜਿਨ੍ਹਾਂ ਨੂੰ ‘ਪੰਜ ਪਿਆਰੇ’ ਕਹਿਣ ਦੀ ਪਿਰਤ ਹੈ।
ਇਤਿਹਾਸਕ ਤੌਰ ’ਤੇ ਪਹਿਲੇ ਨੌਂ ਗੁਰੂ ਸਾਹਿਬਾਨ ਦੇ ਵੇਲੇ ਵੀ ਸਿੱਖ ਸੰਗਤ ਦਾ ਬਹੁਤ ਮਾਣ-ਸਤਿਕਾਰ ਸੀ, ਪਰ ਗੁਰੂ ਜੀ ਦੀ ਆਪਣੀ ਅਗਵਾਈ ਦੀ ਸਦਾ ਲੋੜ ਰਹਿੰਦੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਅਗਵਾਈ ਨੂੰ ਸੰਕੋਚ ਲਿਆ ਅਤੇ ਸੰਗਤ ਨੂੰ ਜਥੇਬੰਦ ਕਰ ਕੇ ਇਸ ਨੂੰ ਸ਼ਖ਼ਸੀ ਗੁਰਆਈ ਸੌਂਪ ਦਿੱਤੀ ਤੇ ਆਤਮਿਕ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ ਹੀ ਰਹਿਣ ਦਿੱਤੀ।
ਸੰਗਤ ਜਥੇਬੰਦ ਹੋ ਕੇ ‘ਗੁਰੂ-ਪੰਥ’ ਬਣ ਗਈ। ਗੁਰਤਾ ਦੇ ਜੁਗਤਿ ਪੱਖ ਦਾ ਸਾਰਾ ਤੇਜ ਪ੍ਰਤਾਪ ‘ਗੁਰੂ-ਪੰਥ’ ਨੂੰ ਦੇ ਦਿੱਤਾ ਗਿਆ। ਇਸ ਵਿਚ ਹਰ ਇਕ ਅੰਮ੍ਰਿਤਧਾਰੀ ਸਿੱਖ ਧਾਰਮਿਕ ਤੌਰ ’ਤੇ ਬਰਾਬਰ ਪਦਵੀ ਰੱਖਦਾ ਹੈ।7
ਵਿਚਾਰਧਾਰਕ ਤੇ ਇਤਿਹਾਸਕ ਤੌਰ ’ਤੇ ਜੇਕਰ ਸਿੱਖ ਧਰਮ ਦਰਸ਼ਨ ਦਾ ਅਧਿਆਂਨ ਕੀਤਾ ਜਾਵੇ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ‘ਬਾਣੀ’ ਦਾ ਸੰਕਲਨ ਤੇ ਸੰਪਾਦਨ ‘ਗੁਰੂ-ਗ੍ਰੰਥ’ ਤੇ ਸੰਗਤ ਦਾ ਸੰਗਠਿਤ ਤੇ ਵਿਕਸਤ ਰੂਪ ‘ਗੁਰੂ-ਪੰਥ ਦੇ ਰੂਪ ਵਿਚ ਪ੍ਰਗਟ ਹੋਇਆ। ‘ਗੁਰੂ-ਗ੍ਰੰਥ’ ਨਾਨਕ ਨਿਰਮਲ ਪੰਥ ਦਾ ਸਿਧਾਂਤ ਹੈ ਤੇ ‘ਗੁਰੂ-ਪੰਥ’ ਇਸ ਸਿਧਾਂਤ ਦਾ ਪ੍ਰਤੱਖ ਅਮਲ। ਓਪਰੀ ਨਜ਼ਰੇ ਦੋ ਪ੍ਰਤੀਤ ਹੁੰਦੇ ਹਨ, ਪਰ ਹੈਨ ਇਕ। ਜਿਵੇਂ ਆਮ ਆਦਮੀ ਵਾਸਤੇ ਗੁਰੂਆਂ ਦੀ ਗਿਣਤੀ ‘ਦੱਸ’ ਹੈ, ਪਰ ਗੁਰਮਤਿ ਸਿਧਾਂਤ ਦੇ ਜਾਣਕਾਰ ਵਾਸਤੇ ਗੁਰੂ ਕੇਵਲ ਇਕ ਹੀ ਹੈ, ਤੇ ਉਹ ਹੈ ‘ਗੁਰੂ ਨਾਨਕ ਜੋਤਿ’, ਜਿਸ ਇਲਾਹੀ ਜੋਤ ਦੀ ਇਕਸਾਰਤਾ ਤੇ ਏਕਤਾ ਗੁਰਬਾਣੀ ਸਪਸ਼ੱਟ ਕਰਦੀ ਹੈ :
ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ ॥8
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਪੱਸ਼ਟ ਹੀ ਕਰ ਦਿੱਤਾ ਹੈ ਕਿ ‘ਗੁਰੂ-ਜੋਤਿ’ ਦੀ ਏਕਤਾ ਦੀ ਪਹਿਚਾਣ ਬਿਨਾਂ ‘ਸਿੱਖੀ’ ਸਿਧਾਂਤ ਨੂੰ ਸਮਝਿਆ ਹੀ ਨਹੀਂ ਜਾ ਸਕਦਾ :
ਸ੍ਰੀ ਨਾਨਕ ਅੰਗਦਿ ਕਰ ਮਾਨਾ ॥
ਅਮਰ ਦਾਸ ਅੰਗਦ ਪਹਿਚਾਨਾ ॥
ਅਮਰ ਦਾਸ ਰਾਮਦਾਸ ਕਹਾਯੋ ॥
ਸਾਧਨ ਲਖਾ ਮੂੜ੍ਹ ਨਹਿ ਪਾਯੋ ॥9॥
ਭਿੰਨ ਭਿੰਨ ਸਭ ਹੂੰ ਕਰਿ ਜਾਨਾ ॥
ਏਕ ਰੂਪ ਕਿਨਹੂੰ ਪਹਿਚਾਨਾ ॥
ਜਿਨ ਜਾਨਾ ਤਿਨ ਹੀ ਸਿਧਿ ਪਾਈ ॥
ਬਿਨੁ ਸਮਝੇ ਸਿਧਿ ਹਾਥ ਨਾ ਆਈ ॥10॥9
ਗੁਰਬਾਣੀ, ਨਾਮ-ਸਿਮਰਨ ਦਾ ਇਕ ਵਧੀਆ ਰੂਪ ਹੈ, ਜਿਸ ਦੁਆਰਾ ਅਸੀਂ ਸਚਿਆਰ ਬਣਨ ਦੇ ਪੰਧ ’ਤੇ ਪੈਂਦੇ ਹਾਂ। ਜਗਿਆਸੂ ਲਈ ਸੰਵਾਰੇ ਬਣਾਏ ਇਸੇ ਪੰਧ ਦਾ ਨਾਮ ‘ਪੰਥ’ ਹੈ। ਜਿਸ ਨੂੰ ‘ਜੋਤਿ’ ਨਾਲ ‘ਜੁਗਤਿ’ ਕਿਹਾ ਗਿਆ ਹੈ। ਜੋਤਿ ਗੁਰਬਾਣੀ ਜਾਂ ਗ੍ਰੰਥ ਰੂਪ ਵਿਚ ਪ੍ਰਗਟਿਆ ਜੀਵਨ ਸਿਧਾਂਤ ਤੋਂ ਤੇ ਜੁਗਤਿ ਉਹ ਵਰਤੋਂ-ਵਿਹਾਰ, ਢੰਗ ਵਿਧੀ ਜਾਂ ਜੀਵਨ-ਜਾਚ ਜਿਸ ਨੂੰ ਕਮਾ ਕੇ ਅਸੀਂ ਸਚਿਆਰ ਹੋ ਸਕਦੇ ਹਾਂ। ਜੇ ਇਉਂ ਕਹਿ ਦਈਏ ਕਿ ਬਾਣੀ ਜਾਂ ਗ੍ਰੰਥ ਹੀ ਅਮਲੀ ਰੂਪ ਧਾਰ ਕੇ ‘ਪੰਥ’ ਬਣ ਜਾਂਦਾ ਹੈ ਤਾਂ ਇਹ ਗਲਤ ਨਹੀਂ ਹੋਵੇਗਾ। ਪਰਮੇਸ਼ਰ ਦੇ ਨਿਰਗੁਣ ਸਰਗੁਣ ਸਰੂਪ ਵਾਂਗ ‘ਗ੍ਰੰਥ’, ‘ਪੰਥ’ ਇਕ ਤਸਵੀਰ ਦੇ ਦੋ ਪਾਸੇ ਹਨ।10
ਗੁਰੂ ਨਾਨਕ ਦੇਵ ਜੀ ਤੋਂ ਵੀ ਜਦ ਸਿੱਧ ਪੁਰਸ਼ਾਂ ਨੇ ਪੁਛਿਆ ਕਿ ਤੁਹਾਡੀ ਵਿਚਾਰਧਾਰਾ ਦੀਆਂ ਬੁਨਿਆਦਾਂ ਕੀ ਹਨ ਤਾਂ ਗੁਰੂ ਜੀ ਨੇ ਸਪੱਸ਼ਟ ਕੀਤਾ ਸੀ ਕਿ ਗੁਰਮਤਿ ਵਿਚਾਰਧਾਰਾ ਗੁਰਬਾਣੀ ਅਤੇ ਗੁਰ-ਸੰਗਤਿ ’ਤੇ ਅਧਾਰਤ ਹੋਵੇਗੀ ਅਤੇ ਇਸ ਬਿਨਾਂ ਕਿਸੇ ਹੋਰ ਨੂੰ ਮੰਨਣਾ ਸਾਡਾ ਮਿਸ਼ਨ ਨਹੀਂ :
ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀ ਹੈ ਰਾਈ ॥11
ਸਿੱਖ ਰਹਿਤ ਮਰਿਆਦਾ ਵਿਚ ‘ਗੁਰੂ-ਪੰਥ’ ਦੀ ਪਰਿਭਾਸ਼ਾ ਉਕਤ ਵਿਚਾਰਾਂ ਦੀ ਪ੍ਰੋੜ੍ਹਤਾ ਕਰਦੀ ਹੈ :
“ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੱਚੇ ਸਮੂੰਹ ਨੂੰ ‘ਗੁਰੂ-ਪੰਥ’ ਆਖਦੇ ਹਨ। ਇਸ ਦੀ ਤਿਆਰੀ ਦਸ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਰੂਪ ਬੰਨ੍ਹ ਕੇ ਗੁਰਆਈ ਸੌਂਪੀ”।12
ਇਸ ਪਰਿਭਾਸਾ ਤੋਂ ਵੀ ਸਪੱਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ‘ਪੰਥ’ ਨੂੰ ਗੁਰਆਈ ਸੌਂਪੀ। ‘ਪੰਥ’ ਦੀ ਪ੍ਰਤੀਨਿਧਤਾ ਦੇ ਰੂਪ ਗੁਰਆਈ ‘ਪੰਜਾਂ ਸਿੰਘਾਂ’ ਜਾਂ ‘ਪੰਜਾਂ ਪਿਆਰਿਆਂ’ ਨੂੰ ਸੌਂਪੀ ਗਈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ‘ਗੁਰੂ-ਪੰਥ’ ਦੀ ਪ੍ਰਤੀਨਿਧਤਾ ਕਰਨ ਦਾ ਅਧਿਕਾਰ ‘ਪੰਜਾਂ ਪਿਆਰਿਆਂ’ ਪਾਸ ਹੈ। ਪੰਜਾਂ ਪਿਆਰਿਆਂ ਦਾ ਅਧਿਕਾਰ ਕੇਵ ‘ਅੰਮ੍ਰਿਤ’ ਛਕਾਉਣ ਤਕ ਹੀ ਸੀਮਿਤ ਨਹੀਂ, ਸਗੋਂ ‘ਪੰਜ-ਪਿਆਰੇ’ ‘ਗੁਰੂ-ਪੰਥ’ ਦੇ ਪ੍ਰਤੀਨਿਧ ਹੋਣ ਕਰਕੇ ਪੰਥ ਦੇ ਧਾਰਮਿਕ, ਸਮਾਜਿਕ, ਰਾਜਸੀ, ਸਭਿਆਚਾਰਕ ਆਦਿ ਮਸਲਿਆਂ ਸੰਬੰਧੀ ਸੇਧ ਦੇਣ ਦੇ ਅਧਿਕਾਰੀ ਹਨ। ਸਮੁੱਚਾ ਵਿਸ਼ਵ-ਵਿਆਪੀ ਸਿੱਖ ਭਾਈਚਾਰਾ ‘ਗੁਰੂ-ਪੰਥ’ ਦੇ ਕਾਰਜ ਖੇਤਰ ਅਧੀਨ ਹੈ ਤੇ ‘ਪੰਜ-ਪਿਆਰੇ’ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੀ ‘ਗੁਰੂ-ਪੰਥ’ ਦੇ ਰੂਪ ਵਿਚ ਫ਼ੈਸਲੇ ਲੈਣ ਦੇ ਅਧਿਕਾਰੀ ਹਨ, ਪਰ ਵਿਅਕਤੀਗਤ ਰੂਪ ਵਿਚ ਸਭ ਬਰਾਬਰ ਹਨ।
ਇਸ ਤਰ੍ਹਾਂ ‘ਗੁਰੂ-ਪੰਥ’ ਦੇ ਪ੍ਰਤੀਨਿਧ ‘ਪੰਜ-ਪਿਆਰੇ’ ਗੁਰੂ ਗ੍ਰੰਥ ਸਾਹਿਬ’ ਦੀ ਹਜ਼ੂਰੀ ਵਿਚ, ‘ਗੁਰੂ-ਪੰਥ’ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਮਸਲਿਆਂ ਸੰਬੰਧੀ ‘ਗੁਰਮਤਿ ਵਿਚਾਰਧਾਰਾ’ ਦੀ ਰੌਸ਼ਨੀ ਵਿਚ ਫ਼ੈਸਲੇ ਕਰਨ ਦੇ ਅਧਿਕਾਰੀ ਹਨ। ਅਜਿਹੇ ਫ਼ੈਸਲਿਆਂ ਨੂੰ ਗੁਰਮਤਿ ਦੀ ਸ਼ਬਦਾਵਲੀ ਵਿਚ ਹੁਕਮਨਾਮੇ, ਗੁਰਮਤੇ ਜਾਂ ਆਦੇਸ਼ ਕਿਹਾ ਜਾਂਦਾ ਹੈ।
1. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ 415.
2. ਉਹੀ, ਪੰਨਾ 793.
3. ਭਾਈ ਗੁਰਦਾਸ, ਵਾਰਾਂ 1/45
, 4. ਉਹੀ, 1/31.
5. ਡਾ: ਗੁਰਸ਼ਰਨਜੀਤ ਸਿੰਘ (ਅਨੁਵਾਦਕ) ਸਿਰਦਾਰ ਕਪੂਰ ਸਿੰਘ ਦੇ ਚੋਣਵੇਂ ਲੇਖ, ਪੰਨਾ 35.
6. ਡਾ: ਗੰਡਾ ਸਿੰਘ ਤੇਜਾ ਸਿੰਘ, ਸਿੱਖ ਇਤਿਹਾਸ, ਪੰਨਾ 129.
7. ਤੇਜਾ ਸਿੰਘ, ਸਿੱਖ ਧਰਮ, ਪੰਨੇ 13-14.
8. ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 966.
9. ਦਸਮ ਗ੍ਰੰਥ, ਬਚਿੱਤ੍ਰ ਨਾਟਕ, ਪੰਨਾ 54.
10. ਪ੍ਰੋ: ਪਿਆਰਾ ਸਿੰਘ ਪਦਮ, ਗੁਰਮਤਿ ਪ੍ਰਕਾਸ਼, ਅਪ੍ਰੈਲ 1995.
11. ਭਾਈ ਗੁਰਦਾਸ, ਵਾਰਾਂ 1/42,
12. ਸਿੱਖ ਰਹਿਤ ਮਰਿਆਦਾ, ਪੰਨਾ 27.
ਪੁਸਤਕ ‘ਹੁਕਮਨਾਮੇ ਆਦੇਸ਼ ਸੰਦੇਸ਼… ਸ੍ਰੀ ਅਕਾਲ ਤਖ਼ਤ ਸਾਹਿਬ’ ਵਿਚੋਂ ਧੰਨਵਾਦਿ ਸਹਿਤ।