ਅੰਮ੍ਰਿਤਸਰ : 11 ਦਸੰਬਰ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹਿਰਾਮ ਨੇੜੇ ਪਿੰਡ ਤਲਵੰਡੀ ਜੱਟਾਂ ਦੇ ਗੁਰਦੁਆਰਾ ਸ਼ਹੀਦ ਬੀਬੀ ਰੂਪ ਕੌਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਲਗਾਈ ਗਈ ਅੱਗ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੀ ਗੈਰ ਮੌਜੂਦਗੀ ਵਿੱਚ ਚੰਦੋਆ ਸਾਹਿਬ ਤੇ ਪਾਲਕੀ ਸਾਹਿਬ ਨੂੰ ਅੱਗ ਲਗਾ ਦਿੱਤੀ।ਜਿਸ ਨਾਲ ਚੰਦੋਆ ਸਾਹਿਬ ਤੇ ਪਾਲਕੀ ਸਾਹਿਬ ਸੜ੍ਹ ਕੇ ਸੁਆਹ ਹੋ ਗਏ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਰ-ਬਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਦੇ ਵੀ ਗੁਰਦੁਆਰਾ ਸਾਹਿਬ ਨੂੰ ਇਕੱਲਾ ਨਾ ਛੱਡਣ। ਹਰ ਗੁਰਦੁਆਰਾ ਸਾਹਿਬ ਵਿੱਚ ਘੱਟੋ ਘੱਟ ਇਕ ਗ੍ਰੰਥੀ ਸਿੰਘ ਤੇ ਇਕ ਸੇਵਾਦਾਰ ਜ਼ਰੂਰ ਹੋਣੇ ਚਾਹੀਦੇ ਹਨ ਤਾਂ ਜੋ ਬਾਹਰ ਜਾਣ ਸਮੇਂ ਇਕ ਵਿਅਕਤੀ ਗੁਰਦੁਆਰਾ ਸਾਹਿਬ ਦਾ ਠੀਕ ਤਰ੍ਹਾਂ ਨਾਲ ਧਿਆਨ ਰੱਖ ਸਕੇ।ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਦੋਸ਼ੀਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਐਸੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕਈ ਵਾਰ ਅਜਿਹੀਆਂ ਘਟਨਾਵਾਂ ਹਲਕੀ ਵਾਇਰਿੰਗ ਕਰਕੇ ਬਿਜਲੀ ਦਾ ਸਰਕਟ ਸ਼ਾਰਟ ਹੋਣ ਨਾਲ ਅੱਗ ਲੱਗਣ ਕਾਰਨ ਹੋ ਜਾਂਦੀਆਂ ਹਨ ਜੋ ਬਹੁਤ ਹੀ ਦੁੱਖਦਾਈ ਤੇ ਚਿੰਤਾ ਦਾ ਵਿਸ਼ਾ ਹਨ।ਉਨ੍ਹਾਂ ਕਿਹਾ ਕਿ ਮਰਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ ਤੇ ਅਦਬ-ਸਤਿਕਾਰ ਬਹਾਲ ਰੱਖਣ ਲਈ ਸਮੁੱਚੇ ਸਿੱਖ ਭਾਈਚਾਰੇ ਨੂੰ ਸੁਚੇਤ ਹੋਣਾ ਚਾਹੀਦਾ ਹੈ।ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ ਇਸ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਸੁਖ-ਆਸਨ ਅਸਥਾਨਾਂ ਵਿੱਚ ਲਾਈਟਾਂ, ਪੱਖੇ, ਬਿਜਲੀ ਉਪਕਰਣਾਂ ਆਦਿ ਦੀ ਵਰਤੋਂ ਉਦੋਂ ਤੱਕ ਹੀ ਕੀਤੀ ਜਾਵੇ, ਜਦੋਂ ਤੱਕ ਕੋਈ ਨਿਗਰਾਨ ਹਾਜ਼ਰ ਹੋਵੇ।