ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਬੁੱਧਵਾਰ, ੧੩ ਚੇਤ (ਸੰਮਤ ੫੫੭ ਨਾਨਕਸ਼ਾਹੀ) ੨੬ ਮਾਰਚ, ੨੦੨੫ (ਅੰਗ: ੭੦੬)

ਰੂਪਨਗਰ, 16 ਦਸੰਬਰ- ਅੱਜ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਰੂਪਨਗਰ ਵਿਖੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ ਦੀ ਇਕੱਤਰਤਾ ਹੋਈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੈਂਬਰ ਸ. ਰਾਮਪਾਲ ਸਿੰਘ ਬਹਿਣੀਵਾਲ, ਭਾਈ ਅਜਾਇਬ ਸਿੰਘ ਅਭਿਆਸੀ, ਸ. ਪ੍ਰਿਤਪਾਲ ਸਿੰਘ, ਸ. ਮਨਜੀਤ ਸਿੰਘ ਬੱਪੀਆਣਾ, ਭਾਈ ਅਮਰਜੀਤ ਸਿੰਘ ਚਾਵਲਾ, ਸ. ਅਜਮੇਰ ਸਿੰਘ ਖੇੜਾ ਅਤੇ ਸ. ਕਰਨੈਲ ਸਿੰਘ ਪੰਜੋਲੀ ਅਤੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਸ਼ਾਮਲ ਹੋਏ। ਇਸ ਇਕੱਤਰਤਾ ਵਿਚ ਪਿਛਲੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਜਲੰਧਰ ਵਿਖੇ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਮਹਿਸੂਸ ਕੀਤਾ ਗਿਆ ਕਿ ਸਿੱਖ ਕੌਮ ਅੰਦਰ ਅਜਿਹੇ ਵਾਦ-ਵਿਵਾਦ ਬੇਹੱਦ ਚਿੰਤਾਜਨਕ ਹਨ ਅਤੇ ਮਰਯਾਦਾ ਨਾਲ ਜੁੜੇ ਮਾਮਲੇ ਮਿਲ ਬੈਠ ਕੇ ਹੱਲ ਕਰਨੇ ਚਾਹੀਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੇ ਸਰਵਉੱਚ ਅਸਥਾਨ ਹਨ, ਜੋ ਹਰ ਮਾਮਲੇ ’ਤੇ ਕੌਮ ਦੀ ਅਗਵਾਈ ਕਰਦੇ ਹਨ। ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਦੀ ਮਰਯਾਦਾ ਦੇ ਮਾਮਲੇ ਵਿਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੇਂ ਸਮੇਂ ’ਤੇ ਅਗਵਾਈ ਦਿੱਤੀ ਗਈ ਹੈ। ਪਰੰਤੂ ਜਲੰਧਰ ਦੇ ਗੁਰਦੁਆਰਾ ਸਾਹਿਬ ਵਿਚ ਵਾਪਰੀ ਘਟਨਾ ਨੇ ਜਿਥੇ ਸਿੱਖ ਕੌਮ ਅੰਦਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡੀ ਢਾਹ ਲਗਾਈ ਹੈ, ਉਥੇ ਹੀ ਅਗਲੇ ਵਿਚਾਰ ਮੰਥਨ ਲਈ ਵੀ ਮਜ਼ਬੂਰ ਕੀਤਾ ਹੈ।
ਵਰਣਨਯੋਗ ਹੈ ਕਿ ਇਨ੍ਹਾਂ ਮਾਮਲਿਆਂ ਸਬੰਧੀ ਸੰਨ 1999 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੂਰਨ ਤੌਰ ‘ਤੇ ਗੁਰੂ ਘਰਾਂ ਅੰਦਰ ਸੰਗਤ ਤੇ ਲੰਗਰਾਂ ਵਿਚ ਕੁਰਸੀਆਂ ’ਤੇ ਬੈਠਣ ਦੀ ਪੂਰੀ ਮਨਾਹੀ ਕੀਤੀ ਗਈ ਸੀ। ਜਿਸ ਮਗਰੋਂ 24 ਅਕਤੂਬਰ 2000 ਨੂੰ ਮੁੜ ਇਕ ਮਤਾ ਪਾਸ ਕਰਕੇ ਕਿਹਾ ਗਿਆ ਕਿ ਸਰੀਰਕ ਤੌਰ ’ਤੇ ਅਪੰਗ ਜਾਂ ਕਿਸੇ ਹੋਰ ਕਾਰਨ ਸਰੀਰਕ ਤੌਰ ’ਤੇ ਅਸਮਰਥ ਹੋ ਚੁੱਕੇ ਕਿਸੇ ਵੀ ਗੁਰਸਿੱਖ ਸ਼ਰਧਾਲੂ ਲਈ ਸੰਗਤ ਅਤੇ ਪੰਗਤ ਵਿਚ ਸਥਾਨਕ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀ ਸਰੀਰਕ ਮਜਬੂਰੀ ਨੂੰ ਧਿਆਨ ਵਿਚ ਰੱਖ ਕੇ ਢੁੱਕਵਾਂ ਯੋਗ ਪ੍ਰਬੰਧ ਕੀਤਾ ਜਾਵੇ, ਬਾਕੀ ਸੰਗਤ ਦੀਵਾਨਾਂ ਅਤੇ ਲੰਗਰਾਂ ਵਿਚ ਚੌਕੜਾਂ ਮਾਰ ਕੇ ਬੈਠੇ। ਇਸ ਮਗਰੋਂ ਮਿਤੀ 8 ਜੁਲਾਈ 2009 ਨੂੰ ਇਕ ਹੁਕਮਨਾਮਾ ਜਾਰੀ ਕਰਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੰਗਤ ਵੱਲੋਂ ਪੁਜੀਆਂ ਸ਼ਿਕਾਇਤਾਂ ਕਿ ਪਹਿਲੇ ਸੰਨ 2000 ਦੇ ਹੁਕਮਨਾਮੇ ਦੀ ਦੁਰਵਰਤੋਂ ਹੋ ਰਹੀ ਹੈ। ਇਸ ’ਤੇ ਇਹ ਆਦੇਸ਼ ਕੀਤਾ ਗਿਆ ਕਿ ਕੇਵਲ ਸਰੀਰਕ ਤੌਰ ’ਤੇ ਅਪੰਗ ਜਾਂ ਸਰੀਰਕ ਮਜਬੂਰੀ ਵਾਲੇ ਹੀ ਇਸ ਸਹੂਲਤ ਦਾ ਸਦਉਪਯੋਗ ਕਰਨ, ਤੰਦਰੁਸਤ ਸ਼ਰਧਾਲੂ ਸੰਗਤ ਅਤੇ ਪੰਗਤ ਵਿਚ ਸਤਿਕਾਰ ਸਹਿਤ ਚੌਕੜਾ ਲਾ ਕੇ ਹੀ ਬੈਠਣ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 22 ਨਵੰਬਰ 2013 ਨੂੰ ਵੀ ਇਕ ਆਦੇਸ਼ ਰਾਹੀਂ ਸੰਗਤ ਨੂੰ ਹਦਾਇਤ ਕੀਤੀ ਗਈ ਕਿ ਸੰਗਤਾਂ ਪਹਿਲੇ ਹੁਕਮਨਾਮੇ ਦੀ ਨਜਾਇਜ਼ ਵਰਤੋਂ ਕਰ ਰਹੀਆਂ ਹਨ, ਇਸ ਲਈ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਆਦੇਸ਼ ਕੀਤਾ ਜਾਂਦਾ ਹੈ ਕਿ ਸਤਿਗੁਰੂ ਜੀ ਦੀ ਹਜ਼ੂਰੀ ਤੋਂ ਬਾਹਰ ਵਰਾਂਡੇ ਵਿਚ ਬੈਂਚ ਲਗਾਏ ਜਾਣ ਅਤੇ ਨਾਲ ਹੀ ਗੁਰਦੁਆਰਾ ਕਮੇਟੀ ਵੱਲੋਂ ਸਕਰੀਨ ਦਾ ਪ੍ਰਬੰਧ ਕੀਤਾ ਜਾਵੇ।
ਇਨ੍ਹਾਂ ਹੁਕਮਨਾਮਿਆਂ ਤੋਂ ਬਾਅਦ ਵੀ ਆਮ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੀਆਂ ਸਿੰਘ ਸਭਾਵਾਂ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਅੰਦਰ ਫ਼ਰਸ਼ ਨੂੰ ਨੀਵਾਂ ਕਰਕੇ ਕੁਰਸੀਆਂ ’ਤੇ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਹੈ, ਜਿਸ ਨਾਲ ਦਰਬਾਰ ਹਾਲ ਵਿਚ ਬੈਠੀ ਸੰਗਤ ਅਤੇ ਕੁਰਸੀਆਂ ’ਤੇ ਬੈਠੀ ਸੰਗਤ ਬਰਾਬਰ ਬੈਠੀ ਦਿਸਦੀ ਹੈ। ਅਜਿਹੇ ਵਿਚ ਗੁਰਦੁਆਰਾ ਕਮੇਟੀਆਂ ਦਾ ਫ਼ਰਜ਼ ਬਣਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਅਤੇ ਆਦੇਸ਼ਾਂ ਦਾ ਪਾਲਣ ਯਕੀਨੀ ਬਣਾਉਣ।
ਅੱਜ ਦੀ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਲੰਧਰ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ਦੇ ਮੱਦੇਨਜ਼ਰ ਮੌਜੂਦਾ ਸਮੇਂ ਅਤੇ ਹਾਲਾਤਾਂ ਨੂੰ ਦੇਖਦਿਆਂ ਅਗਵਾਈ ਦੇਣ ਦੀ ਅਪੀਲ ਕਰਦੀ ਹੈ, ਤਾਂ ਜੋ ਸਿੱਖ ਕੌਮ ਅਤੇ ਸੰਗਤਾਂ ਅੰਦਰ ਆਪਸੀ ਪ੍ਰੇਮ ਪਿਆਰ, ਭਾਈਚਾਰਕ ਸਾਂਝ ਅਤੇ ਇਤਫਾਕ ਵਿਚ ਤਰੇੜ ਨਾ ਬਣੇ ਅਤੇ ਜਥੇਦਾਰ ਸਾਹਿਬ ਨੂੰ ਇਹ ਵੀ ਅਪੀਲ ਕਰਦੀ ਹੈ ਕਿ ਸਾਰੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਜਾਵੇ ਕਿ ਜਿਥੇ ਕਿਤੇ ਵੀ ਮਰਯਾਦਾ ਦੀ ਉਲਘਣਾ ਦਾ ਮਾਮਲਾ ਸਾਹਮਣੇ ਆਵੇ ਤਾਂ ਉਹ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿਚ ਲਿਆਵੇ। ਅਜਿਹੇ ਮਾਮਲਿਆਂ ਵਿਚ ਕਿਸੇ ਵੱਲੋਂ ਵੀ ਆਪਸੀ ਤਕਰਾਰ ਵਾਲੀ ਸਥਿਤੀ ਪੈਦਾ ਨਾ ਕੀਤੀ ਜਾਵੇ।