21 ਨਵੰਬਰ ਨੂੰ ਰਾਤ ਕੀਰਤਨ ਦਰਬਾਰ ਤੇ 22 ਨਵੰਬਰ ਨੂੰ ਹੋਵੇਗਾ ਸ਼ਤਾਬਦੀ ਸਬੰਧੀ ਮੁੱਖ ਸਮਾਗਮ
ਕਰਤਾਰਪੁਰ, 20 ਨਵੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਪਾਤਸ਼ਾਹੀ ਪੰਜਵੀਂ ਤੇ ਛੇਵੀਂ ਕਰਤਾਰਪੁਰ ਜਲੰਧਰ ਵਿਖੇ 21 ਤੇ 22 ਨਵੰਬਰ 2024 ਨੂੰ ਹੋਣਗੇ, ਜਿਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਅਤੇ ਮੈਂਬਰ ਸ. ਰਣਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਕਰਤਾਰਪੁਰ ਵਿਖੇ ਮਨਾਈ ਜਾ ਰਹੀ ਹੈ। ਇਸ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਦੇ ਭੋਗ 22 ਨਵੰਬਰ ਨੂੰ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਖ਼ਾਲਸਾ ਸ਼ਤਾਬਦੀ ਕਮੇਟੀ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ 21 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸੇ ਦਿਨ ਰਾਤ ਨੂੰ ਕੀਰਤਨ ਦਰਬਾਰ ਹੋਵੇਗਾ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਤੇ ਕਵੀਸ਼ਰ ਜਥੇ ਸੰਗਤਾਂ ਨੂੰ ਗੁਰਬਾਣੀ ਤੇ ਗੁਰ-ਇਤਿਹਾਸ ਨਾਲ ਜੋੜਨਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ 21 ਤੇ 22 ਨਵੰਬਰ ਨੂੰ ਪੁਸਤਕ ਤੇ ਚਿੱਤਰ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ 23 ਨਵੰਬਰ ਨੂੰ ਅੰਮ੍ਰਿਤ ਸੰਚਾਰ ਸਮਾਗਮ ਵੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਸ਼ਤਾਬਦੀ ਦਾ ਮੁੱਖ ਸਮਾਗਮ 22 ਨਵੰਬਰ ਨੂੰ ਹੋਵੇਗਾ, ਜਿਸ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ, ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਵੱਖ-ਵੱਖ ਸਿੱਖ ਸੰਪ੍ਰਦਾਵਾਂ, ਜਥੇਬੰਦੀਆਂ ਦੇ ਮੁਖੀ ਸਾਹਿਬਾਨ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਸੰਗਤਾਂ ਨੂੰ ਸ਼ਤਾਬਦੀ ਸਮਾਗਮਾਂ ’ਚ ਵੱਧ ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਵੀ ਕੀਤੀ।