ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸੋਰਠਿ ਮਹਲਾ ੫ ॥ ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਸ਼ਨਿੱਚਰਵਾਰ, ੨੧ ਹਾੜ (ਸੰਮਤ ੫੫੭ ਨਾਨਕਸ਼ਾਹੀ) ੫ ਜੁਲਾਈ, ੨੦੨੫ (ਅੰਗ: ੬੦੯)

ਅੰਮ੍ਰਿਤਸਰ, 16 ਅਕਤੂਬਰ-
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਅੱਜ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਦੁਕਾਨਦਾਰਾਂ ਨੂੰ ਸੱਦਾ ਪੱਤਰ ਦਿੱਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਮੈਂਬਰ ਸ. ਬਾਵਾ ਸਿੰਘ ਗੁਮਾਨਪੁਰਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਿੰਦਰ ਸਿੰਘ ਭਾਟੀਆ, ਸਕੱਤਰ ਸ. ਪ੍ਰਤਾਪ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਦੁਕਾਨਦਾਰਾਂ ਨੂੰ ਪ੍ਰਕਾਸ਼ ਗੁਰਪੁਰਬ ਮਨਾਉਣ ਸਬੰਧੀ ਸੱਦਾ ਪੱਤਰ ਅਤੇ ਲੱਡੂਆਂ ਦਾ ਪ੍ਰਸ਼ਾਦ ਦਿੱਤਾ।
ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੁਕਾਨਦਾਰਾਂ ਨੂੰ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਮੁਬਾਰਕਬਾਦ ਦਿੰਦਿਆਂ ਪ੍ਰੇਰਨਾ ਕੀਤੀ ਕਿ ਇਸ ਮਹਾਨ ਗੁਰਪੁਰਬ ਮੌਕੇ ਸਾਡਾ ਸਭ ਦਾ ਸਾਂਝਾ ਫਰਜ਼ ਬਣਦਾ ਹੈ ਕਿ ਅਸੀਂ ਇਸ ਮੌਕੇ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਆਪੋ ਆਪਣਾ ਯੋਗਦਾਨ ਪਾਈਏ, ਤਾਂ ਜੋ ਦੇਸ਼ ਵਿਦੇਸ਼ ਤੋਂ ਪੁੱਜਦੀਆਂ ਸੰਗਤਾਂ ਚੰਗਾ ਪ੍ਰਭਾਵ ਲੈ ਕੇ ਜਾਣ, ਇਸ ਲਈ ਆਪੋ ਆਪਣੀਆਂ ਦੁਕਾਨਾਂ ਦੀ ਸਜਾਵਟ ਕੀਤੀ ਜਾਵੇ ਅਤੇ ਸਾਫ ਸਫਾਈ ਦਾ ਵੀ ਖਾਸ ਤੌਰ ’ਤੇ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਵਰੋਸਾਈ ਨਗਰੀ ਦੇ ਵਸਨੀਕ ਹੋਣਾ ਸਾਡੀ ਖੁਸ਼ਕਿਸਮਤੀ ਹੈ। ਇਸ ਲਈ ਸ਼ਹਿਰ ਦੇ ਬਾਨੀ ਗੁਰੂ ਸਾਹਿਬ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨਾ ਸਾਡਾ ਫਰਜ਼ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਮੈਨੇਜਰ ਸ. ਸਤਿੰਦਰ ਸਿੰਘ, ਵਧੀਕ ਮੈਨੇਜਰ ਸ. ਗੁਰਪ੍ਰੀਤ ਸਿੰਘ, ਮੀਤ ਮੈਨੇਜਰ ਸ. ਰਵਿੰਦਰਜੀਤ ਸਿੰਘ ਵੀ ਮੌਜੂਦ ਸਨ।