ਸਮਾਪਤੀ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਰ ਸ਼ਖਸੀਅਤਾ ਨੇ ਕੀਤੀ ਸ਼ਮੂਲੀਅਤ
ਸੁਲਤਾਨਪੁਰ ਲੋਧੀ, 2 ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਹੇਠ ਚਲਾਏ ਜਾ ਰਹੇ ਸਿੱਖ ਮਿਸ਼ਨਰੀ ਕਾਲਜਾਂ, ਗੁਰਮਤਿ ਅਕੈਡਮੀਆਂ ਤੇ ਵਿਦਿਆਲਿਆਂ ਦੇ ਅਧਿਆਪਕਾਂ ਦਾ “ਗੁਰਮਤਿ ਸਿੱਖਿਆ ਅਤੇ ਅਧਿਆਪਨ ਸੇਧਾਂ” ਵਿਸ਼ੇ ਤਹਿਤ ਪੰਜ ਰੋਜ਼ਾ ਕੈਂਪ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ ਵੱਖ-ਵੱਖ ਸਿੱਖ ਵਿਦਵਾਨਾਂ ਨੇ ਧਾਰਮਿਕ ਅਧਿਆਪਕਾਂ ਨਾਲ ਗੁਰਮਤਿ ਸਿੱਖਿਆ ਅਤੇ ਅਧਿਆਪਨ ਖੇਤਰ ਬਾਰੇ ਵਿਚਾਰ ਸਾਂਝੇ ਕੀਤੇ। ਅੱਜ ਕੈਂਪ ਦੀ ਸਮਾਪਤੀ ਸਮੇਂ ਆਯੋਜਤ ਕੀਤੇ ਗਏ ਸਮਾਗਮ `ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਆਲ ਇੰਡੀਆ ਧਰਮ ਪ੍ਰਚਾਰ ਵਿੰਗ ਦੇ ਮੁੱਖੀ ਭਾਈ ਰਜਿੰਦਰ ਸਿੰਘ ਮਹਿਤਾ, ਸ. ਸੁਖਵਰਸ਼ ਸਿੰਘ ਪੰਨੂ ਮੈਂਬਰ ਧਰਮ ਪ੍ਰਚਾਰ ਕਮੇਟੀ, ਇੰਜੀਨੀਅਰ ਸ. ਸਵਰਨ ਸਿੰਘ, ਸਕੱਤਰ ਸ ਬਲਵਿੰਦਰ ਸਿੰਘ ਕਾਹਲਵਾਂ ਵਿਸ਼ੇਸ਼ ਤੌਰ `ਤੇ ਪਹੁੰਚੇ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਧਰਮ ਦੀ ਸਿੱਖਿਆ ਦੇਣੀ ਵੱਡਾ ਕਾਰਜ ਹੈ ਅਤੇ ਇਸ ਖੇਤਰ ਦੇ ਅਧਿਆਪਕਾਂ ਦੀ ਜ਼ਿੰਮੇਵਾਰੀ ਆਮ ਅਧਿਆਪਕਾਂ ਤੋਂ ਅਹਿਮ ਹੈ। ਪ੍ਰਚਾਰਕ, ਰਾਗੀ, ਢਾਡੀ ਸਿੱਖ ਕੌਮ ਦੀ ਸੇਵਾ ਲਈ ਤਿਆਰ ਕਰਨੇ ਵੱਡਾ ਕੌਮੀ ਫਰਜ਼ ਹੈ। ਇਸ ਜ਼ਿੰਮੇਵਾਰੀ ਨੂੰ ਹੋਰ ਪੁਖ਼ਤਗੀ ਨਾਲ ਨਿਭਾਉਣ ਲਈ ਸਮੇਂ ਦੀਆਂ ਤਰਜੀਹਾਂ ਅਤੇ ਮਜੂਦਾ ਕੌਮੀ ਮਸਲਿਆਂ ਬਾਰੇ ਸਹੀ ਦਿਸ਼ਾ ਵਿਚ ਅੱਗੇ ਵਧਣ ਲਈ ਅਜਿਹੇ ਰਿਫਰੈਸ਼ਰ ਕੋਰਸ ਅਤੇ ਕੈਂਪ ਮਹੱਤਵਪੂਰਨ ਸਾਬਤ ਹੁੰਦੇ ਹਨ। ਜੇਕਰ ਸਿੱਖੀ ਪਰਚਾਰ ਲਈ ਕਾਰਜਸ਼ੀਲ ਹਰ ਸੰਸਥਾ ਕੌਮੀ ਮਸਲਿਆਂ `ਤੇ ਇੱਕ ਰਾਇ ਬਣਾ ਕੇ ਤੁਰੇਗੀ ਤਾਂ ਸਿੱਖਿਆ ਪ੍ਰਾਪਤ ਕਰਨ ਵਾਲੀ ਪ੍ਰਚਾਰਕ ਸ਼੍ਰੇਣੀ ਕੌਮੀ ਚੁਣੌਤੀਆਂ ਦਾ ਟਾਕਰਾ ਇੱਕਸੁਰ ਹੋ ਕੇ ਕਰ ਸਕੇਗੀ। ਐਡਵੋਕੇਟ ਧਾਮੀ ਨੇ ਕਿਹਾ ਕੀ ਅਜਿਹੇ ਗੁਰਮਤਿ ਰਿਫਰੈਸ਼ਰ ਕੈਂਪ ਹਰ ਸਾਲ ਲਗਾਏ ਜਾਂਦੇ ਰਹਿਣਗੇ ਤਾਂ ਜੋ ਕੌਮੀ ਚੁਣੌਤੀਆਂ ਲਈ ਭਵਿੱਖੀ ਯੋਜਨਾਵਾਂ ਮਿਲ ਬੈਠ ਕੇ ਤਿਆਰ ਕੀਤੀਆਂ ਜਾ ਸਕਣ।
ਇਸ ਮੌਕੇ ਭਾਈ ਰਜਿੰਦਰ ਸਿੰਘ ਮਹਿਤਾ, ਸ. ਸੁਖਵਰਸ਼ ਸਿੰਘ ਪੰਨੂ, ਸ. ਬਲਵਿੰਦਰ ਸਿੰਘ ਕਾਹਲਵਾਂ ਤੇ ਇੰਜੀਨੀਅਰ ਸ. ਸਵਰਨ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸ ਜਰਨੈਲ ਸਿੰਘ, ਮੁੱਖ ਗ੍ਰੰਥੀ ਭਾਈ ਸਤਨਾਮ ਸਿੰਘ, ਪ੍ਰਿੰਸੀਪਲ ਬੀਬੀ ਮਨਜੀਤ ਕੌਰ, ਪ੍ਰਿੰ. ਰਾਜਪਾਲ ਸਿੰਘ, ਪ੍ਰਿੰ. ਰਵਿੰਦਰ ਸਿੰਘ ਖਾਲਸਾ, ਕੈਂਪ ਦੇ ਕੁਆਰਡੀਨੇਟਰ ਪ੍ਰਿੰ. ਜਸਵੰਤ ਸਿੰਘ, ਭਾਈ ਸੁਖਪਾਲ ਸਿੰਘ ਪ੍ਰਚਾਰਕ, ਇੰਚਾਰਜ ਸ. ਕਰਤਾਰ ਸਿੰਘ, ਸ. ਨਿਰੰਜਨ ਸਿੰਘ, ਸ. ਭੁਪਿੰਦਰ ਸਿੰਘ, ਸ. ਸਮਸ਼ੇਰ ਸਿੰਘ ਅਤੇ ਮਿਸ਼ਨਰੀ ਕਾਲਜਾਂ ਤੇ ਵਿਦਿਆਲਿਆਂ ਦੇ ਪ੍ਰਿੰਸੀਪਲ, ਇੰਚਾਰਜ, ਪ੍ਰੋਫੈਸਰ ਸਾਹਿਬਾਨ ਹਾਜਰ ਸਨ।