ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ 12 ਬੱਚਿਆਂ ਨੂੰ ਲੈਪਟਾਪ, ਐਲਈਡੀ, ਕੂਲਰ ਤੇ ਸਾਈਕਲ ਦੇ ਕੇ ਕੀਤਾ ਸਨਮਾਨਿਤ
ਜਥੇਦਾਰ ਮੋਹਨ ਸਿੰਘ ਬੰਗੀ ਦੇ ਉੱਦਮ ਨਾਲ ਇੱਕ ਮਹੀਨਾ ਚੱਲੇ ਗੁਰਮਤਿ ਸਿਖਲਾਈ ਕੈਂਪ ਵਿਚ 5500 ਬੱਚਿਆਂ ਨੇ ਲਿਆ ਹਿੱਸਾ
ਤਲਵੰਡੀ ਸਾਬੋ/ਬਠਿੰਡਾ, 01 ਜੁਲਾਈ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ਰੰਗ ਮੈਂਬਰ ਜਥੇਦਾਰ ਮੋਹਨ ਸਿੰਘ ਬੰਗੀ ਦੇ ਵਿਸ਼ੇਸ਼ ਉਪਰਾਲੇ ਸਦਕਾ ਹਲਕਾ ਤਲਵੰਡੀ ਸਾਬੋ ਅੰਦਰ ਗੁਰਮਤਿ ਸਿਖਲਾਈ ਕੈਂਪਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਦਾ ਅੱਜ ਪਿੰਡ ਪਥਰਾਲਾ ਦੇ ਗੁਰਦੁਆਰਾ ਸਾਹਿਬ ਗੁਸਾਈਆਣਾ ਪਾਤਸ਼ਾਹੀ ਦਸਵੀਂ ਵਿਖੇ ਸਨਮਾਨ ਸਮਾਗਮ ਕੀਤਾ ਗਿਆ। ਚਾਰ ਗਰੁੱਪਾਂ ਵਿਚ ਹੋਏ ਮੁਕਾਬਲਿਆਂ ਅੰਦਰ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ 12 ਬੱਚਿਆਂ ਨੂੰ ਲੈਪਟਾਪ, ਐਲਈਡੀ, ਕੂਲਰ ਤੇ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੇ ਸਮੇਂ ਦੀ ਦੁਨਿਆਵੀ ਸਿੱਖਿਆ ਨੇ ਬਹੁਗਿਣਤੀ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਤੋਂ ਵੀ ਦੂਰ ਕੀਤਾ ਹੋਇਆ ਹੈ। ਇਸ ਦਾ ਮੁੱਖ ਕਾਰਨ ਬੱਚਿਆਂ ਨੂੰ ਧਰਮ ਦੀ ਸਿੱਖਿਆ ਤੋਂ ਦੂਰ ਰੱਖਣਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੁਰਮਤਿ ਸਿਖਲਾਈ ਕੈਂਪ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਤੋਂ ਜਾਣੂ ਕਰਵਾਉਣ ਦਾ ਵੱਡਾ ਉੱਦਮ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਥੇਦਾਰ ਮੋਹਨ ਸਿੰਘ ਬੰਗੀ ਵੱਲੋਂ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦੇ ਕੀਤੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਇਸ ਨੂੰ ਲਗਾਤਾਰ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਵਿਚ ਮਹੀਨੇ ਭਰ ਤੋਂ ਪ੍ਰਚਾਰਕ ਸਿੰਘਾਂ ਵੱਲੋਂ ਜਿਥੇ ਬੱਚਿਆਂ ਨੂੰ ਧਰਮ ਦੀ ਸਿੱਖਿਆ ਦਿੱਤੀ ਗਈ, ਉਥੇ ਖੁਸ਼ੀ ਦੀ ਗੱਲ ਹੈ ਕਿ ਬੱਚਿਆਂ ਦੇ ਮਾਤਾ-ਪਿਤਾ ਨੇ ਵੀ ਗੁਰਮਤਿ ਕੈਂਪ ਦੌਰਾਨ ਸਿੱਖ ਧਰਮ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕੀਤੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਣ ਅਤੇ ਗੁਰਬਾਣੀ ਦਾ ਪਾਠ ਕਰਨ ਦੀ ਪ੍ਰੇਰਣਾ ਦੇਣ।
ਇਸੇ ਦੌਰਾਨ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਮੋਹਨ ਸਿੰਘ ਬੰਗੀ ਨੇ ਗੁਰਮਤਿ ਸਿਖਲਾਈ ਕੈਂਪ ਵਿਚ ਸਹਿਯੋਗ ਦੇਣ ਵਾਲੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਜ ਸਾਰਿਆਂ ਦੇ ਸਹਿਯੋਗ ਨਾਲ ਪੂਰਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਲਕਾ ਤਲਵੰਡੀ ਸਾਬੋ ਦੇ 60 ਪਿੰਡਾਂ ਵਿਚ ਪਿਛਲੇ ਇਕ ਮਹੀਨੇ ਤੋਂ ਇਹ ਕੈਂਪ ਲਗਾਏ ਗਏ ਸਨ, ਜਿਸ ਵਿਚ 5500 ਬੱਚਿਆਂ ਨੇ ਹਿੱਸਾ ਲਿਆ। ਜਥੇਦਾਰ ਬੰਗੀ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ, ਢਾਡੀ ਤੇ ਕਵੀਸ਼ਰ ਸਿੰਘਾਂ ਦੇ ਨਾਲ-ਨਾਲ ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਨੇ ਗੁਰਬਾਣੀ, ਸਿੱਖ ਇਤਿਹਾਸ, ਰਹਿਤ ਮਰਯਾਦਾ ਤੇ ਗੁਰਮਤਿ ਰਹਿਣੀ ਦੀ ਸਿੱਖਿਆ ਦਿੱਤੀ।
ਸਨਮਾਨ ਸਮਾਗਮ ਤੋਂ ਪਹਿਲਾਂ ਬੱਚਿਆਂ ਦਾ ਲਿਖਤੀ ਪੇਪਰ ਹੋਇਆ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ 650 ਬੱਚਿਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 12 ਬੱਚਿਆਂ ਨੇ ਪੁਜੀਸ਼ਨਾਂ ਹਾਸਲ ਕੀਤੀਆਂ। ਸਮਾਗਮ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜਥੇਦਾਰ ਮੋਹਨ ਸਿੰਘ ਬੰਗੀ ਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਸੇ ਦੌਰਾਨ ਜਿਥੇ ਸਹਿਯੋਗ ਕਰਨ ਵਾਲੀਆਂ ਗੁਰਦੁਆਰਾ ਕਮੇਟੀਆਂ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ, ਉਥੇ ਹੀ ਕੈਂਪਾਂ ਵਿਚ ਸਹਿਯੋਗੀ ਰਹੇ ਗ੍ਰੰਥੀ ਸਿੰਘਾਂ ਨੂੰ ਨਗਦ ਰਾਸ਼ੀ ਦਿੱਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਮੋਹਨ ਸਿੰਘ ਬੰਗੀ ਤੋਂ ਇਲਾਵਾ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਬੀਬੀ ਜੋਗਿੰਦਰ ਕੌਰ ਬਠਿੰਡਾ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਮੈਨੇਜਰ ਸ. ਰਣਜੀਤ ਸਿੰਘ, ਮੈਨੇਜਰ ਸ. ਸੁਮੇਰ ਸਿੰਘ ਬਾਦੀਆਂ, ਸਬ-ਆਫ਼ਿਸ ਤਲਵੰਡੀ ਸਾਬੋ ਦੇ ਇੰਚਾਰਜ ਸ. ਜਗਪਾਲ ਸਿੰਘ, ਸਹਾਇਕ ਇੰਚਾਰਜ ਸ. ਜਸਬੀਰ ਸਿੰਘ ਲੌਂਗੋਵਾਲ, ਗੁਰਦੁਆਰਾ ਗੁਸਾਈਆਣਾ ਸਾਹਿਬ ਦੇ ਪ੍ਰਧਾਨ ਸ. ਹਰਬੰਸ ਸਿੰਘ, ਮੀਤ ਪ੍ਰਧਾਨ ਸ. ਗੁਰਜੰਟ ਸਿੰਘ, ਮੈਂਬਰ ਸ. ਗੁਰਮੇਲ ਸਿੰਘ, ਮੈਨੇਜਰ ਸ. ਬਲਵਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ, ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਦੇ ਪ੍ਰਿੰਸੀਪਲ ਰਵਿੰਦਰ ਸਿੰਘ, ਪ੍ਰਿੰ: ਕਮਲਪ੍ਰੀਤ ਕੌਰ, ਪ੍ਰਿੰ: ਰਣਜੀਤ ਸਿੰਘ, ਸਾਬਕਾ ਮੈਨੇਜਰ ਸ. ਦਰਸ਼ਨ ਸਿੰਘ ਥੰਮਣਗੜ੍ਹ, ਸ. ਤਰਸੇਮ ਸਿੰਘ, ਸ. ਗੁਰਪ੍ਰੀਤ ਸਿੰਘ ਜੱਸਲ, ਸ. ਬੰਤ ਸਿੰਘ ਸਾਬਕਾ ਸਰਪੰਚ ਪਥਰਾਲਾ, ਸ. ਦਵਿੰਦਰ ਸਿੰਘ ਪੱਕਾ ਕਲਾਂ, ਸ. ਬਲਵਿੰਦਰ ਸਿੰਘ ਪੱਕਾ ਕਲਾਂ, ਸ. ਗੁਲਜ਼ਾਰ ਸਿੰਘ ਸਰਪੰਚ ਮਲਕਾਣਾ, ਸ. ਹਰਚਰਨ ਸਿੰਘ ਮਲਕਾਣਾ, ਸ. ਤਰਸੇਮ ਸਿੰਘ ਮਾਨਵਾਲਾ, ਸ. ਅਮਨਦੀਪ ਸਿੰਘ ਸੰਧੂ, ਸ. ਬਲਕਰਨ ਸਿੰਘ ਪੱਕਾ ਕਲਾਂ, ਸ. ਹਰਦੇਵ ਸਿੰਘ ਬੰਗੀ ਨਿਹਾਲ, ਸ. ਹਰਦੀਪ ਸਿੰਘ ਖਾਲਸਾ, ਪ੍ਰਚਾਰਕ ਭਾਈ ਅਮਰੀਕ ਸਿੰਘ ਡਸਕਾ, ਭਾਈ ਮੰਗਲ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਚੈਨੇਵਾਲ, ਭਾਈ ਗੁਰਮੇਲ ਸਿੰਘ ਮਾਖਾ, ਭਾਈ ਜਗਤਾਰ ਸਿੰਘ ਜੋੜਕੀਆਂ, ਭਾਈ ਗੁਰਚਰਨ ਸਿੰਘ, ਭਾਈ ਮਹਾਂਵੀਰ ਸਿੰਘ, ਭਾਈ ਬਲਵੀਰ ਸਿੰਘ, ਭਾਈ ਦਵਿੰਦਰ ਸਿੰਘ ਭੌਰਾ, ਭਾਈ ਭੁਪਿੰਦਰ ਸਿੰਘ ਸਹਾਰਨਾ, ਭਾਈ ਜਸਵਿੰਦਰ ਸਿੰਘ ਝੱਬਰ, ਭਾਈ ਗੁਰਮੀਤ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
![](https://sgpc.net/wp-content/uploads/2023/07/DSC_8837.jpg)