ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸੋਰਠਿ ਮਹਲਾ ੫ ॥ ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਸ਼ਨਿੱਚਰਵਾਰ, ੨੧ ਹਾੜ (ਸੰਮਤ ੫੫੭ ਨਾਨਕਸ਼ਾਹੀ) ੫ ਜੁਲਾਈ, ੨੦੨੫ (ਅੰਗ: ੬੦੯)

25-11-2015-3ਅੰਮ੍ਰਿਤਸਰ ੨੫ ਨਵੰਬਰ- ਸਿੱਖ ਧਰਮ ਦੇ ਬਾਨੀ, ਮਨੁੱਖਤਾ ਦੇ ਰਹਿਬਰ, ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਵਿਖੇ ਅਲੌਕਿਕ ਜਲੌ ਸਜਾਏ ਗਏ।ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਤਾਬਿਆ ਦੀ ਸੇਵਾ ਨਿਭਾਈ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਡਾ. ਰੂਪ ਸਿੰਘ ਸਕੱਤਰ ਨੇ ਕਿਹਾ ਕਿ ਜਦੋਂ ਧਰਤੀ ਤੇ ਧਰਮ ਤੇ ਸ਼ਰਮ ਛੁਪ ਖਲੋਂਦੇ ਨੇ ਤਾਂ ਅਕਾਲ ਪੁਰਖ ਆਪਣੇ ਦਰ ਤੋਂ ਵਰੋਸਾਈ ਹੋਈ ਕਿਸੇ ਆਤਮਾ ਨੂੰ ਧਰਤੀ ‘ਤੇ ਧਰਮ ਦਾ ਪ੍ਰਕਾਸ਼ ਕਰਨ ਲਈ ਭੇਜਦਾ ਹੈ।ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਵੀ ਜ਼ੁਲਮ, ਅਨਿਆਂ ਅਤੇ ਅਧਰਮ ਦਾ ਬੋਲਬਾਲਾ ਸਿਖਰਾਂ ‘ਤੇ ਸੀ।ਇਸੇ ਉਦੇਸ਼ ਦੀ ਪੂਰਤੀ ਲਈ ਜਗਤ ਜਲੰਦੇ ਨੂੰ ਤਾਰਣ ਅਤੇ ਸਮੁੱਚੀ ਲੋਕਾਈ ਨੂੰ ਅਗਿਆਨਤਾ ਰੂਪੀ ਹਨੇਰੇ ‘ਚੋਂ ਕੱਢ ਕੇ ਗਿਆਨ ਰੂਪੀ ਪ੍ਰਕਾਸ਼ ਦੇਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ।ਉਨ੍ਹਾਂ ਸਾਂਝੀਵਾਲਤਾ ਦੇ ਨਾਲ-ਨਾਲ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ।ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ-ਨਾਲ ਅੱਜ ਦੇ ਪਵਿੱਤਰ ਦਿਹਾੜੇ ਤੇ ਭਗਤ ਸੈਣ ਜੀ ਦੇ ਜਨਮ ਦਿਹਾੜੇ ਦੀ ਵੀ ਸੰਗਤਾਂ ਨੂੰ ਵਧਾਈ ਦਿੱਤੀ।
ਉਨ੍ਹਾਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਦੀਪਮਾਲਾ ਹੋਵੇਗੀ ਅਤੇ ਮਨਮੋਹਕ ਆਤਿਸ਼ਬਾਜੀ ਵੀ ਚਲਾਈ ਜਾਵੇਗੀ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਵੇਰੇ ਮੁੱਖਵਾਕ ਦੀ ਕਥਾ ਉਪਰੰਤ ਸਕੂਲੀ ਬੱਚਿਆਂ ਦੇ ਕੀਰਤਨ ਮੁਕਾਬਲੇ ਕਰਵਾਏ ਗਏ।ਉਨ੍ਹਾਂ ਕਿਹਾ ਕਿ ਇਸੇ ਹੀ ਅਸਥਾਨ ਤੇ ਰਾਤ ੭ ਤੋਂ ੯ ਵਜੇ ਤੀਕ ਕੀਰਤਨ ਸਮਾਗਮ ਹੋਵੇਗਾ ਜਿਸ ਵਿੱਚ ਪ੍ਰਸਿੱਧ ਰਾਗੀ ਜਥੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਪਰੰਤ ਰਾਤ ੯:੦੦ ਵਜੇ ਤੋਂ ਬਾਅਦ ਕਵੀ ਸਮਾਗਮ ਹੋਵੇਗਾ ਜਿਸ ਵਿੱਚ ਉੱਚ ਕੋਟੀ ਦੇ ਕਵੀ-ਜਨ ਹਿੱਸਾ ਲੈਣਗੇ।