ਧਰਮ ਇਤਿਹਾਸ ਦਾ ਅਦੁੱਤੀ ਪੰਨਾ: ਸਾਕਾ ਸਰਹਿੰਦ

ਐਡਵੋਕੇਟ ਹਰਜਿੰਦਰ ਸਿੰਘ ਧਾਮੀ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਇੱਕ ਅਜਿਹਾ ਪੰਨਾ ਹੈ, ਜੋ ਦੁਖਦ ਹੁੰਦਾ ਹੋਇਆ ਵੀ ਗੁਰਮਤਿ ਜੀਵਨ-ਜੁਗਤਿ ਦੀ ਪ੍ਰੇਰਨਾ ਦਿੰਦਾ ਹੈ। ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਅਜਿਹੀ ਮਿਸਾਲ ਕਿਧਰੇ ਨਹੀਂ ਹੈ। ਧਰਮਾਂ ਦੇ ਇਤਿਹਾਸ ਵਿਚ ਸਾਕਾ ਸਰਹਿੰਦ ਇੱਕ ਨਿਵੇਕਲੀ ਘਟਨਾ ਹੈ, ਜਿਸ ਨੇ ਸਿੱਖ ਮਨਾਂ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਰੋਹ ਦੀ ਅੱਗ ਨੂੰ ਹੋਰ ਤਿੱਖਾ ਕੀਤਾ। ਜਿਸ ਸਮੇਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਨੂੰ ਸੂਬਾ ਸਰਹਿੰਦ ਦੇ ਹੁਕਮ ਨਾਲ ਜਿੰਦਾ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਗਿਆ ਤਾਂ ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਬਹੁਤ ਛੋਟੀ ਸੀ, ਪਰੰਤੂ ਉਨ੍ਹਾਂ ਦੀ ਦਲੇਰੀ ਅਤੇ ਸਿੱਖੀ ਪ੍ਰਤੀ ਦ੍ਰਿੜ੍ਹਤਾ ਪ੍ਰੌੜ ਉਮਰ ਤੋਂ ਘੱਟ ਨਹੀਂ ਸੀ। ਸਾਹਿਬਜ਼ਾਦਿਆਂ ਨੇ ਜਿਸ ਦਲੇਰੀ, ਸਿਦਕਦਿਲੀ ਅਤੇ ਜਿੰਦਾਦਿਲੀ ਨਾਲ ਸੂਬੇ ਦੀ ਕਚਹਿਰੀ ਵਿਚ ਸਵਾਲਾਂ ਦੇ ਜਵਾਬ ਦਿੱਤੇ, ਉਸ ਵੱਲੋਂ ਧਰਮ ਛੱਡਣ ਖਾਤਰ ਦਿੱਤੇ ਜਾ ਰਹੇ ਲਾਲਚਾਂ ਨੂੰ ਠੁਕਰਾਇਆ ਅਤੇ ਸ਼ਹਾਦਤ ਨੂੰ ਕਬੂਲ ਕੀਤਾ, ਉਸ ਦਾ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਕੋਈ ਮੁਕਾਬਲਾ ਨਹੀਂ ਮਿਲਦਾ। ਇਸੇ ਲਈ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿੱਖ ਅਤੇ ਗੈਰ ਸਿੱਖ ਇਤਿਹਾਸਕਾਰਾਂ ਨੇ ਅਦੁੱਤੀ ਕਿਹਾ ਹੈ।
ਕਹਿਰ ਦੀ ਠੰਡੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸੇ ਸਮੇਤ ਸ੍ਰੀ ਅਨੰਦਪੁਰ ਛੱਡਣਾ, ਸਰਸਾ ਨੇ ਰਸਤਾ ਰੋਕਣਾ, ਪਰਿਵਾਰ ਦਾ ਖੇਰੂੰ-ਖੇਰੂੰ ਹੋਣਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਦਿ ਸਭ ਘਟਨਾਵਾਂ ਸਿੱਖ ਇਤਿਹਾਸ ਦੇ ਵੱਡੇ ਪਹਿਲੂ ਹਨ। ਸਰਸਾ ਨੂੰ ਪਾਰ ਕਰਨ ਤੋਂ ਬਾਅਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਆਪ ਦੇ ਮਾਤਾ ਜੀ, ਸਾਹਿਬਜ਼ਾਦੇ ਅਤੇ ਆਪ ਜੀ ਦੇ ਮਹਿਲ ਸਭ ਵਿਛੜ ਗਏ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਗੁਰੂ-ਘਰ ਦੇ ਰਸੋਈਏ ਗੰਗੂ ਨਾਲ ਉਸ ਦੇ ਪਿੰਡ ਖੇੜੀ (ਸਹੇੜੀ) ਆ ਗਏ। ਮਾਤਾ ਜੀ ਕੋੋਲ ਸੋਨੇ ਦੀਆਂ ਮੋਹਰਾਂ ਵੇਖ ਅਤੇ ਸਰਕਾਰੀ ਇਨਾਮ ਦੇ ਲਾਲਚ ’ਚ ਗੰਗੂ ਡੋਲ ਗਿਆ। ਗੰਗੂ ਵੱਲੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨਾਲ ਕੀਤੇ ਵਿਸ਼ਵਾਸਘਾਤ ਬਾਰੇ ਅੱਲਾ ਯਾਰ ਖਾਂ ਜੋਗੀ ਲਿਖਦੇ ਹਨ:
ਬਦਜ਼ਾਤ ਬਦ-ਸਿਫਾਤ ਵਹੁ ਗੰਗੂ ਨਮਕ-ਹਰਾਮ।
ਟੁਕੜੋਂ ਪੇ ਸਤਗੁਰੂ ਕੇ ਜੋ ਪਲਤਾ ਰਹਾ ਮੁਦਾਮ।
ਦੁਨੀਆਂ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਿਆ।
ਦੁਸ਼ਮਨ ਭੀ ਜੁ ਨ ਕਰਤਾ ਵਹੁ ਯਿ ਕਾਮ ਕਰ ਗਿਆ।
ਗੰਗੂ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਖ਼ਬਰ ਮੁਰਿੰਡੇ ਥਾਣੇ ਜਾ ਦਿੱਤੀ, ਜਿਥੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਸਮੇਤ ਗ੍ਰਿਫਤਾਰ ਕਰਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹਵਾਲੇ ਕੀਤਾ ਗਿਆ। ਸੂਬੇਦਾਰ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ। ਕਹਿਰ ਦੀ ਸੀਤ ਵਿਚ ਭੁੱਖੇ ਭਾਣੇ ਸਾਹਿਬਜ਼ਾਦੇ ਸਾਰੀ ਰਾਤ ਦਾਦੀ ਮਾਂ ਦੀ ਗੋਦ ਵਿਚ ਬੈਠੇ ਗੁਰੂ ਪਿਤਾ ਦੀ ਸੂਰਮਗਤੀ, ਦਾਦਿਆਂ-ਪੜਦਾਦਿਆਂ ਦੀ ਕੁਰਬਾਨੀ ਦੀਆਂ ਬਾਤਾਂ ਸੁਣਦੇ ਸਿੱਖੀ ਅਸੂਲਾਂ ‘ਤੇ ਦ੍ਰਿੜ੍ਹ ਰਹਿਣ ਲਈ ਸਿੱਖਿਆ ਲੈਂਦੇ ਰਹੇ। ਦਿਨ ਚੜ੍ਹਦਿਆਂ ਸਾਹਿਬਜ਼ਾਦਿਆਂ ਨੂੰ ਕਚਹਿਰੀ ’ਚ ਪੇਸ਼ ਕਰਨ ਦਾ ਹੁਕਮ ਹੋਇਆ। ਸਾਹਿਬਜ਼ਾਦੇ ਬੁਲੰਦ ਹੌਸਲੇ ਵਿਚ ਸਨ। ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਤਿਆਰ ਕੀਤਾ। ਸਾਹਿਬਜ਼ਾਦਿਆਂ ਨੂੰ ਕਚਹਿਰੀ ’ਚ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਨੂੰ ਪਹਿਲਾਂ ਧਨ, ਦੌਲਤ, ਜਗੀਰਾਂ, ਸ਼ਾਹੀ ਡੋਲੀਆਂ ਦੇ ਲਾਲਚ ਦੇ ਕੇ ਇਸਲਾਮ ਧਰਮ ਧਾਰਨ ਕਰਨ ਲਈ ਕਿਹਾ ਗਿਆ, ਫਿਰ ਸਰੀਰਕ ਕਸ਼ਟ ਤੇ ਮੌਤ ਦੇ ਡਰਾਵੇ ਦਿੱਤੇ ਗਏ। ਪਰੰਤੂ ਕੋਮਲ ਜਿੰਦਾਂ ਦੇ ਚਿਹਰਿਆਂ ’ਤੇ ਸਿੱਖੀ ਪਿਆਰ, ਬੀਰਤਾ ਤੇ ਜੁਰੱਅਤ ਪ੍ਰਤੱਖ ਦਿਸ ਰਹੀ ਸੀ। ਸਾਹਿਬਜ਼ਾਦਿਆਂ ਦੇ ਅਡੋਲ ਚਿਤ ਰਹਿੰਦਿਆਂ ਰੋਅਬ ਭਰੇ ਜਵਾਬਾਂ ਨੇ ਸਭ ਨੂੰ ਕੰਬਣੀ ਛੇੜ ਦਿੱਤੀ।
ਸਾਹਿਬਜ਼ਾਦਿਆਂ ਨੂੰ ਇਸਲਾਮ ਧਾਰਨ ਕਰਵਾਉਣ ਲਈ ਲਗਾਤਾਰ ਲਾਲਚ, ਡਰਾਵੇ ਅਤੇ ਧਮਕੀਆਂ ਦਾ ਦੌਰ ਚਲਦਾ ਰਿਹਾ। ਪੇਸ਼ ਨਾ ਜਾਂਦੀ ਵੇਖ ਕੇ ਮੁੱਲਾਂ ਤੇ ਕਾਜ਼ੀਆਂ ਨੂੰ ਸਾਹਿਬਜ਼ਾਦਿਆਂ ਦੀ ਸਜ਼ਾ ਨਿਸ਼ਚਿਤ ਕਰਨ ਲਈ ਕਿਹਾ ਗਿਆ, ਜਿਸ ’ਤੇ ਉਨ੍ਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ। ਇੰਝ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਨੇ ਲਾਸਾਨੀ ਸ਼ਹਾਦਤ ਪ੍ਰਾਪਤ ਕਰਕੇ ਦੁਨੀਆਂ ਦੇ ਇਤਿਹਾਸ ਅੰਦਰ ਨਿਵੇਕਲਾ ਪੰਨਾ ਸਿਰਜਿਆ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਵਿਚ ਗੁਰਪੁਰੀ ਪਿਆਨਾ ਕਰ ਗਏ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਦੇ ਕੇ ਜ਼ਮੀਨ ਖਰੀਦੀ, ਜਿਸ ਸਥਾਨ ’ਤੇ ਗੁਰਦੁਆਰਾ ਜੋਤੀ ਸਰੂਪ ਸੁਭਾਇਮਾਨ ਹੈ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਸੰਘਰਸ਼ ਵਿਚ ਨਵੀਂ ਰੂਹ ਫੂਕ ਦਿੱਤੀ। ਦਸ਼ਮੇਸ਼ ਪਿਤਾ ਜੀ ਦਾ ਥਾਪੜਾ ਲੈ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹੀ ਉਥਲ ਪੁਥਲ ਲਿਆਂਦੀ ਕਿ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਹਿੱਲ ਗਈਆਂ। ਸਿੱਖ ਯੋਧਿਆਂ ਨੇ ਸਮੇਂ ਦੇ ਹੈਂਕੜਬਾਜ਼ ਵਜ਼ੀਰ ਖਾਂ ਅਤੇ ਉਸ ਦੇ ਦਰਬਾਰੀਆਂ ਦੀ ਜੋ ਦਸ਼ਾ ਕੀਤੀ ਉਹ ਇਤਿਹਾਸ ਬਣ ਗਿਆ। ਇਸ ਸਾਕੇ ਪਿੱਛੋਂ ਖ਼ਾਲਸੇ ਨੇ ਸਿੱਖ ਰਾਜ ਦੀ ਮੰਜ਼ਲ ਵੀ ਸਰ ਕੀਤੀ।
ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਿੱਖ ਕੌਮ ਲਈ ਮਾਰਗ ਦਰਸ਼ਕ ਹੈ। ਇਹ ਸ਼ਹਾਦਤਾਂ ਸਾਨੂੰ ਸਿੱਖ ਧਰਮ ਦੀਆਂ ਉਚੀਆਂ-ਸੁੱਚੀਆਂ ਕਦਰਾਂ ਕੀਮਤਾਂ ’ਤੇ ਪਹਿਰਾ ਦੇਣ ਲਈ ਸਦਾ ਤਤਪਰ ਰਹਿਣ ਦੀ ਪ੍ਰੇਰਨਾ ਦਿੰਦੀਆਂ ਆ ਰਹੀਆਂ ਹਨ। ਸੋ ਆਓ, ਇਨ੍ਹਾਂ ਮਹਾਨ ਸ਼ਹਾਦਤਾਂ ਨੂੰ ਸਤਿਕਾਰ ਭੇਟ ਕਰਦਿਆਂ ਕੌਮ ਦੀ ਨੌਜੁਆਨੀ ਅਤੇ ਬੱਚਿਆਂ ਨੂੰ ਆਪਣੇ ਇਤਿਹਾਸ, ਪ੍ਰੰਪਰਾਵਾਂ, ਸਿਧਾਂਤਾਂ ਅਤੇ ਗੁਰਬਾਣੀ ਦੀ ਅੰਮ੍ਰਿਤਮਈ ਵਿਚਾਰਧਾਰਾ ਨਾਲ ਜੋੜੀਏ, ਤਾਂ ਜੋ ਭਵਿੱਖ ਅੰਦਰ ਸਿੱਖ ਸਮਾਜ ਸਿੱਖ ਵਿਰਸੇ ਦੀ ਰੌਸ਼ਨੀ ਵਿਚ ਅੱਗੇ ਵੱਧ ਸਕੇ।