ਅੰਮ੍ਰਿਤਸਰ, 22 ਮਈ- ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀਆਂ ਫੈਕਟਰੀਆਂ ਵਿਚ ਲਗਾਉਣ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਨੂੰ ਅਨੈਤਿਕ ਕਾਰਵਾਈ ਕਰਾਰ ਦਿੰਦਿਆਂ ਸਬੰਧਤ ਡੀ.ਸੀ. ਵਿਰੁੱਧ ਕਾਰਵਾਈ ਮੰਗੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਹੁਕਮ ਭਾਰੀ ਵਿਰੋਧ ਮਗਰੋਂ ਵਾਪਿਸ ਲੈ ਲਿਆ ਗਿਆ ਹੈ ਪਰੰਤੂ ਇਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਤੋਂ ਇਹ ਸਿੱਧ ਹੋਇਆ ਹੈ ਕਿ ਕਈ ਜ਼ਿਲ੍ਹਾ ਅਧਿਕਾਰੀ ਸੂਬੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਸਬੰਧੀ ਜਾਣਕਾਰੀ ਤੋਂ ਸੱਖਣੇ ਹਨ। ਬਹੁਤਿਆਂ ਨੂੰ ਖਿੱਤੇ ਦੀਆਂ ਰਵਾਇਤਾਂ ਪ੍ਰੰਪਰਾਵਾਂ, ਇਤਿਹਾਸ ਅਤੇ ਕਦਰਾਂ ਕੀਮਤਾਂ ਦੀ ਕੋਈ ਸਮਝ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵੱਲੋਂ ਧਾਰਮਿਕ ਅਸਥਾਨਾਂ ਤੋਂ ਸ਼ਰਾਬ ਸਬੰਧੀ ਅਨਾਊਂਸਮੈਂਟ ਕਰਵਾਉਣ ਦੇ ਹੁਕਮ ਚਾੜੇ ਗਏ ਸਨ। ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀ ਹੀ ਸਿੱਖ ਭਾਵਨਾਵਾਂ ਨੂੰ ਸੱਟ ਮਾਰ ਰਹੇ ਹਨ। ਇਹ ਇੱਕ ਵਾਰ ਨਹੀਂ ਸਗੋਂ ਵਾਰ-ਵਾਰ ਹੋ ਰਿਹਾ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਗਲਤੀ ਕਰਕੇ ਉਸ ਦੀ ਮੁਆਫੀ ਮੰਗ ਲੈਣੀ ਜਾਂ ਆਪਣੇ ਹੁਕਮਾਂ ਤੋਂ ਪਿਛੇ ਹਟ ਜਾਣਾ ਹੀ ਹੱਲ ਨਹੀਂ ਹੈ ਸਗੋਂ ਅਜਿਹੇ ਅਧਿਕਾਰੀਆਂ ਦੀ ਜਵਾਬਤਲਬੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵਿਚੋਂ ਬਹੁਤ ਸਾਰੇ ਅੰਮ੍ਰਿਤਧਾਰੀ ਗੁਰਸਿੱਖ ਵੀ ਹਨ ਜਿਨ੍ਹਾਂ ਨੂੰ ਸ਼ਰਾਬ ਦੀਆਂ ਫੈਕਟਰੀਆਂ ਵਿਚ ਭੇਜਣ ਦੀਆਂ ਹਦਾਇਤਾਂ ਕਿਸੇ ਪੱਖ ਤੋਂ ਜਾਇਜ਼ ਨਹੀਂ। ਪੰਜਾਬ ਦੀ ਕੈਪਟਨ ਸਰਕਾਰ ਦੇ ਰਾਜ ਵਿਚ ਅਜਿਹਾ ਵਰਤਾਰਾ ਸਰਕਾਰ ਦੀ ਨਕਾਮੀ ਹੀ ਮੰਨਿਆ ਜਾ ਸਕਦਾ ਹੈ।