ਅੰਮ੍ਰਿਤਸਰ 29 ਜੂਨ (      ) ਅਫਗਾਨਿਸਤਾਨ ‘ਚ ਸਿੱਖਾਂ ਦੀ ਸੁਰੱਖਿਆ ਤੇ ਸਮੱਸਿਆਵਾਂ ਦੇ ਮੁੱਦੇ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਨੇ ਆਪਣੇ ਪੱਤਰ ਵਿੱਚ ਸ੍ਰੀ ਨਰਿੰਦਰ ਮੋਦੀ ਦਾ ਧਿਆਨ ਅਫਗਾਨਿਸਤਾਨ ਵਿੱਚ ਰਹਿ ਰਹੇ ਸਿੱਖਾਂ ਦੀ ਸਮੱਸਿਆ ਵੱਲ ਦਵਾਉਂਦਿਆ ਕਿਹਾ ਕਿ ਮੀਡੀਏ ਰਾਹੀਂ ਖਬਰ ਆਈ ਹੈ ਕਿ ਅਫਗਾਨ ਤਾਲਿਬਾਨ ਤੇ ਹੋਰਨਾਂ ਗਰੁੱਪਾਂ ਵੱਲੋਂ ਸਿੱਖ ਪਰਿਵਾਰਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਜਾਂ ਤਾਂ ਪੈਸੇ ਦੇਣ ਨਹੀਂ ਤਾਂ ਦੇਸ਼ ਛੱਡ ਕੇ ਕਿਤੇ ਹੋਰ ਚੱਲੇ ਜਾਣ।ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾ ਕਾਬੁਲ ਵਿੱਚ ਹਿਕਮਤ ਦਾ ਕੰਮ ਕਰਨ ਵਾਲੇ ਸ. ਜਗਤਾਰ ਸਿੰਘ ਨਾਮ ਦੇ ਅਫਗਾਨੀ ਸਿੱਖ ਨੂੰ ਫਿਰਕੂ ਅਨਸਰਾਂ ਨੇ ਉਸ ਦੀ ਦੁਕਾਨ ਤੇ ਉਸ ਦੀ ਧੌਣ ‘ਤੇ ਚਾਕੂ ਰੱਖਦਿਆਂ ਕਿਹਾ ਕਿ ਜਾਂ ਤਾਂ ਉਹ ਇਸਲਾਮ ਕਬੂਲ ਕਰ ਲਵੇ ਨਹੀਂ ਤਾਂ ਉਸ ਨੂੰ ਕਤਲ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਿੱਖ ਦੀ ਰਾਹਗੀਰਾਂ ਤੇ ਗੁਆਂਢੀਆਂ ਨੇ ਬੜੀ ਮੁਸ਼ਕਿਲ ਨਾਲ ਜਾਨ ਬਚਾਈ।ਸ. ਬੇਦੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਨੇ ਪੱਤਰ ਵਿੱਚ ਇਕ ਹੋਰ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਫਗਾਨਿਸਤਾਨ ਦੇ ਹੇਲਮੰਦ ਸੂਬੇ ਵਿੱਚ ਤਾਲਿਬਾਨ ਲੜਾਕਿਆਂ ਨੇ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ੨੮੦੦ ਡਾਲਰ ਪ੍ਰਤੀ ਮਹੀਨਾ ਦੇਣ ਲਈ ਕਿਹਾ ਹੈ ਨਾ ਦੇਣ ਦੀ ਸੂਰਤ ਵਿੱਚ ਇਲਾਕਾ ਛੱਡ ਕੇ ਜਾਣ ਲਈ ਕਿਹਾ ਗਿਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਡਰ ਕਰਕੇ ਜਿਸ ਮੁਲਕ ਵਿੱਚ ਸਿੱਖਾਂ ਦੀ ਗਿਣਤੀ ਚੌਖੀ ਸੀ ਉਥੇ ਹੁਣ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ਕਾਬੁਲ ਦੇ ਬਾਹਰਵਾਰ ਕਲਾਚਾ ਇਲਾਕੇ ਵਿੱਚ ਸਿੱਖਾਂ ਤੇ ਹਿੰਦੂਆਂ ਦਾ ਸ਼ਮਸ਼ਾਨਘਾਟ ਹੋਣ ਕਾਰਨ ਵੀ ਤਣਾਅ ਫੈਲਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਦੀ ਆਬਾਦੀ ਵੱਧਣ ਕਾਰਨ ਕਈ ਮੁਸਲਮਾਨ ਲੋਕਾਂ ਨੇ ਸ਼ਮਸ਼ਾਨਘਾਟ ਨੇੜੇ ਮਕਾਨ ਬਣਾਏ ਹਨ ਤੇ ਇਹ ਲੋਕ ਉਥੇ ਸਿੱਖਾਂ ਨੂੰ ਸਸਕਾਰ ਵੀ ਨਹੀਂ ਕਰਨ ਦਿੰਦੇ।ਉਨ੍ਹਾਂ ਕਿਹਾ ਕਿ ਜਦੋਂ ਕੋਈ ਦੇਹ ਸਸਕਾਰ ਲਈ ਲਿਆਈ ਜਾਂਦੀ ਹੈ ਤਾਂ ਇਹ ਲੋਕ ਪੱਥਰ ਮਾਰਦੇ ਹਨ।ਉਨ੍ਹਾਂ ਕਿਹਾ ਕਿ ਦੂਜੇ ਪਾਸੇ ਅਫਗਾਨਿਸਤਾਨ ਦੇ ਹੱਜ ਤੇ ਧਾਰਮਿਕ ਮਾਮਲਿਆਂ ਦੇ ਮੰਤਰੀ ਦਹੀ-ਉਲ-ਹੱਕ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਘੱਟ ਗਿਣਤੀਆਂ ਦੀ ਹਾਲਤ ਉਨੀ ਮਾੜੀ ਨਹੀਂ ਹੈ ਜਿੰਨੀ ਬਿਆਨ ਕੀਤੀ ਜਾ ਰਹੀ ਹੈ ਤੇ ਸਰਕਾਰ ਵੱਲੋਂ ਸਹਾਇਤਾ ਮੁਹੱਈਆ ਕਰਵਾਉਣ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਨਾਤੇ ਜੋ ਵਿਸ਼ਵ ਪੱਧਰ ਤੇ ਸਿੱਖਾਂ ਨਾਲ ਸਬੰਧਤ ਮਾਮਲਿਆ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਹੈ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਤੁਸੀ ਆਪਣੀ ਨਿਜੀ ਦਿਲਚਸਪੀ ਲੈ ਕੇ ਅਫਗਾਨਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣ ਲਈ ਯਤਨ ਕਰੋ ਤਾਂ ਕਿ ਘੱਟ ਗਿਣਤੀਆਂ ‘ਤੇ ਹੋ ਰਹੇ ਇਨ੍ਹਾਂ ਨਫਰਤੀ ਹਮਲਿਆਂ ਨੂੰ ਰੋਕਿਆ ਜਾ ਸਕੇ।