ਅੰਮ੍ਰਿਤਸਰ, ੦੮ ਫਰਵਰੀ-
ਅਮਰੀਕਾ ਦੇ ਸੂਬੇ ਕੈਨਟਕੀ ‘ਚ ਗੈਰੀ ਸਿੰਘ ਨਾਮ ਦੇ ਇੱਕ ਸਿੱਖ ਦੇ ਗੈਸ ਸਟੇਸ਼ਨ ਨਸਲੀ ਹਮਲੇ ਤਹਿਤ ਕੀਤੀ ਗਈ ਭੰਨ-ਤੋੜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਘਟਨਾ ਸਬੰਧੀ ਖਬਰ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਭਾਈ ਲੌਂਗੋਵਾਲ ਨੇ ਕਿਹਾ ਕਿ ਦੇਸ਼ ਵਿਦੇਸ਼ ਵਿਚ ਵੱਸਦਾ ਸਿੱਖ ਭਾਈਚਾਰਾ ਆਪਣੀ ਲਿਆਕਤ ਅਤੇ ਮਿਹਨਤ ਨਾਲ ਅੱਗੇ ਵਧਿਆ ਹੈ ਅਤੇ ਵੱਖ-ਵੱਖ ਮੁਲਕਾਂ ਦੀ ਤਰੱਕੀ ਵਿਚ ਸਿੱਖਾਂ ਦੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ। ਪਰੰਤੂ ਵੱਖ-ਵੱਖ ਦੇਸ਼ਾਂ ਦੀ ਉੱਨਤੀ ਵਿਚ ਭਾਈਵਾਲ ਸਿੱਖਾਂ ‘ਤੇ ਹੁੰਦੇ ਨਸਲੀ ਹਮਲੇ ਚਿੰਤਾਜਨਕ ਹਨ ਅਤੇ ਇਸ ਸਬੰਧੀ ਭਾਰਤ ਸਰਕਾਰ ਨੂੰ ਵਿਦੇਸ਼ਾਂ ਦੀਆਂ ਸਰਕਾਰਾਂ ਨਾਲ ਉੱਚ ਪੱਧਰੀ ਗੱਲਬਾਤ ਕਰਨੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਮਰੀਕਾ ‘ਚ ਸਾਹਮਣੇ ਆਏ ਤਾਜ਼ਾ ਮਾਮਲੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਸਬੰਧੀ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਭਾਈ ਲੌਂਗੋਵਾਲ ਨੇ ਵਿਦੇਸ਼ਾਂ ਅੰਦਰ ਵੱਸਦੇ ਸਿੱਖ ਭਾਈਚਾਰੇ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਇਕਜੁੱਟਤਾ ਨਾਲ ਹੰਭਲਾ ਮਾਰਨ ਅਤੇ ਸਿੱਖ ਪਛਾਣ ਦੀ ਵਿਲੱਖਣਤਾ ਦੇ ਨਾਲ-ਨਾਲ ਸਿੱਖੀ ਦੀਆਂ ਮੁੱਲਵਾਨ ਕਦਰਾਂ ਕੀਮਤਾਂ ਤੋਂ ਵੀ ਸਥਾਨਕ ਲੋਕਾਂ ਨੂੰ ਜਾਣੂੰ ਕਰਾਉਣ।