ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ ੨੭ ਮਾਰਚ –( ) ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਯੂਬਾ ਸਿਟੀ ਕੈਲੇਫੋਰਨੀਆ, ਅਮਰੀਕਾ ਦੇ ਉਘੇ ਕਿਸਾਨ ਸ. ਦੀਦਾਰ ਸਿੰਘ ਬੈਂਸ ਸਿਹਤਯਾਬ ਹੋਣ ਉਪਰੰਤ ਅੱਜ ਗੁਰੂ ਸਾਹਿਬ ਸ਼ੁਕਰਾਨਾ ਕਰਨ ਲਈ ਪਹੁੰਚੇ। ਦੱਸਣਯੋਗ ਹੈ ਕਿ ਅਮਰੀਕਾ ਦੇ ਨਾਮਵਰ ਸਿੱਖ ਸ. ਬੈਂਸ ਪਿਛਲੇ ਸਮੇਂ ਇਕ ਭਿਆਨਕ ਹਾਦਸੇ ਵਿਚ ਗੰਭੀਰ ਫੱਟੜ ਹੋ ਗਏ ਸਨ ਅਤੇ ਤੰਦਰੁਸਤੀ ਉਪਰੰਤ ਉਹ ਅੱਜ ਆਪਣੇ ਸਪੁੱਤਰ ਸ. ਕਰਮਜੀਤ ਸਿੰਘ ਬੈਂਸ ਅਤੇ ਪੋਤਰੇ ਸ.ਬੈਰਨ ਸਿੰਘ ਬੈਂਸ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਆਏ ਸਨ। ਇਸ ਦੌਰਾਨ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸਕੱਤਰ ਸ. ਅਵਤਾਰ ਸਿੰਘ ਸੈਂਪਲਾ ਨੇ ਸਾਂਝੇ ਰੂਪ ਵਿਚ ਗੁਰੂ ਬਖਸ਼ਿਸ਼ ਸਿਰੋਪਾਓ, ਲੋਈ, ਸ੍ਰੀ ਦਰਬਾਰ ਸਾਹਿਬ ਦਾ ਮਾਡਲ ਅਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ. ਬੈਂਸ ਨੇ ਕਿਹਾ ਕਿ ਉਹ ਇੱਕ ਹਾਦਸੇ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਨਾਲ ਸਿਹਤਯਾਬ ਹੋਏ ਹਨ ਅਤੇ ਅੱਜ ਗੁਰੂ ਦਰਬਾਰ ਸੱਚਖੰਡ ਸ੍ਰੀ ਹਰਿੰਦਰ ਸਾਹਿਬ ਦੇ ਦਰਸ਼ਨ ਕਰ ਕੇ ਮਾਨਸਿਕ ਸ਼ਾਂਤੀ ਦੇ ਨਾਲ ਨਾਲ ਆਤਮਿਕ ਸ਼ਕਤੀ ਵੀ ਮਿਲੀ ਹੈ। ਇਸ ਸਮੇਂ ਸ. ਰਘੂਜੀਤ ਸਿੰਘ ਵਿਰਕ, ਭਾਈ ਰਜਿੰਦਰ ਸਿੰਘ ਮਹਿਤਾ ਅਤੇ ਡਾ. ਰੂਪ ਸਿੰਘ ਨੇ ਕਿਹਾ ਕਿ ਸ. ਦੀਦਾਰ ਸਿੰਘ ਬੈਂਸ ਗੁਰੂ ਘਰ ਦੇ ਸ਼ਰਧਾਲੂ ਹਨ ਅਤੇ ਇਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਅਮਰੀਕਾ ਵਿਚ ਆਪਣੀ ਕੀਮਤੀ ੧੨ ਏਕੜ ਜਮੀਨ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਸ. ਬੈਂਸ ਦਾ ਸਿੱਖ ਭਾਈਚਾਰੇ ਵਿਚ ਅਹਿਮ ਸਥਾਨ ਹੈ ਅਤੇ ਉਹ ਧਾਰਮਿਕ ਕਾਰਜਾਂ ਲਈ ਸਦਾ ਤਤਪਰ ਰਹਿੰਦੇ ਹਨ। ਉਨ੍ਹਾਂ ਸ. ਬੈਂਸ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਿੱਖੀ ਦੀ ਚੜ੍ਹਦੀ ਕਲਾ ਲਈ ਪਾਏ ਜਾ ਰਹੇ ਯੋਦਾਨ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸ. ਰਜਿੰਦਰ ਸਿੰਘ ਰੂਬੀ ਤੇ ਹੋਰ ਮੌਜੂਦ ਸਨ।