ਅੰਮ੍ਰਿਤਸਰ 3 ਜੂਨ (      ) ਅਮਰੀਕਾ ਦੇ ਨੇਵਾਰਕ ਸ਼ਹਿਰ ਵਿਚ ਗੈਸ ਸਟੇਸ਼ਨ ਦੇ ਮਾਲਕ ਸ. ਦਵਿੰਦਰ ਸਿੰਘ ਨੂੰ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦੀ ਘਟਨਾ ਦੁੱਖਦਾਈ, ਮੰਦਭਾਗੀ ਤੇ ਨਿੰਦਣਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਥੋਂ ਜਾਰੀ ਪ੍ਰੈਸ ਬਿਆਨ ‘ਚ ਕੀਤਾ।

ਉਨ੍ਹਾਂ ਕਿਹਾ ਕਿ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਵਿਚ ਅਕਸਰ ਹੀ ਨਸਲੀ ਹਮਲੇ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਕਿਸੇ ਹੋਰ ਵੱਲੋਂ ਕੀਤੇ ਗੁਨਾਹ ਲਈ ਬੇਕਸੂਰ ਸਿੱਖਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਕਿਸੇ ਵੀ ਕੀਮਤ ‘ਤੇ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਬਤ ਸੂਰਤ ਸਿੱਖ ‘ਤੇ ਅਜਿਹਾ ਹਮਲਾ ਹੋਣਾ ਅਮਰੀਕਾ ਵਿਚ ਸੁਰੱਖਿਆ ‘ਤੇ ਸਵਾਲੀਆ ਚਿੰਨ੍ਹ ਲਗਾਉਂਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਸਿੱਖਾਂ ਖਿਲਾਫ ਵੈਰ ਵਿਰੋਧਤਾ ਦੀ ਭਾਵਨਾ ਇੰਨੀਂ ਵਧ ਗਈ ਹੈ ਕਿ ਨਸਲੀ ਟਿੱਪਣੀਆਂ ਤੋਂ ਇਲਾਵਾ ਹੁਣ ਜਾਨੋਂ ਮਾਰਨ ਤਕ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ ਹਨ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸ. ਦਵਿੰਦਰ ਸਿੰਘ ‘ਤੇ ਲੁੱਟਣ ਦੇ ਮਕਸਦ ਹੇਠ ਹਮਲੇ ਕੀਤੇ ਗਏ ਸਨ ਜੋ ਅਮਰੀਕਾ ਦੇ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਜਾਹਿਰ ਕਰਦੀ ਹੈ।

ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਵਾਪਰੀ ਇਸ ਹਿਰਦੇ ਵੇਦਕ ਘਟਨਾ ਨਾਲ ਦੇਸ਼-ਵਿਦੇਸ਼ ਵਿਚ ਵੱਸਦੇ ਸਿੱਖਾਂ ਵਿਚ ਕਾਫੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਦੇ ਜ਼ਿੰਮੇਵਾਰ ਦੋਸ਼ੀਆਂ ਦੀ ਜਲਦ ਤੋਂ ਜਲਦ ਭਾਲ ਕਰਕੇ ਨਸਲੀ ਹਮਲੇ ਤਹਿਤ ਮਾਮਲਾ ਦਰਜ ਕਰਦਿਆਂ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਤਾਂ ਕਿ ਅੱਗੇ ਤੋਂ ਅਜਿਹੇ ਨਫਰਤੀ ਹਮਲਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਓਬਾਮਾ ਨੂੰ ਸਿੱਖਾਂ ਦੀ ਪਛਾਣ ਨੂੰ ਲੈ ਕੇ ਪੈਦਾ ਹੋਏ ਭਰਮ ਭੁਲੇਖੇ ਦੂਰ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਉਣ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦੀ ਮੰਗ ਵੀ ਕੀਤੀ।