ਅੰਮ੍ਰਿਤਸਰ : 9 ਅਕਤੂਬਰ (        ) ਅਮਰੀਕੀ ਸਰਕਾਰ ਵੱਲੋਂ ਸਿੱਖਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸਬੰਧੀ ਸਿੱਖਾਂ ਨੂੰ ਸਨਮਾਨਜਨਕ ਸਹੂਲਤ ਦਿੰਦਿਆਂ ਹਥਿਆਰਬੰਦ ਫੌਜਾਂ ‘ਚ ਸਿੱਖੀ ਸਰੂਪ ਵਿਚ ਰਹਿੰਦਿਆਂ ਕੰਮ ਕਰਨ ਦਾ ਅਧਿਕਾਰ ਦੇਣਾ ਅਤੀ ਸ਼ਲਾਘਾਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਇੱਕ ਵਾਰ ਫਿਰ ਧਾਰਮਿਕ ਸ਼ਹਿਣਸ਼ੀਲਤਾ ਦਿਖਾਉਂਦਿਆਂ ਸਿੱਖਾਂ ਨੂੰ ਸਨਮਾਨ ਦਿੱਤਾ ਹੈ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕਾਂਗਰਸ ਮੈਂਬਰ ਜੋਏ ਕਰਾਉਲੀ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਸਭ ਧਰਮਾਂ ਦੇ ਲੋਕਾਂ ਨੂੰ ਹਥਿਆਰਬੰਦ ਫੌਜਾਂ ਵਿਚ ਧਾਰਮਿਕ ਅਜ਼ਾਦੀ ਦੇ ਅਧਾਰ ‘ਤੇ ਇਹ ਸਮਾਨ ਅਧਿਕਾਰ ਦੇਣਾ ਸਾਬਤ ਕਰਦਾ ਹੈ ਕਿ ਸਿੱਖਾਂ ਨੇ ਅਮਰੀਕਾ ਦੀ ਤਰੱਕੀ ਵਿਚ ਬਹੁਤ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਸਿੱਖਾਂ ਨੂੰ ਹੋਰ ਅਦਾਰਿਆਂ ਵਿਚ ਵੀ ਸਿੱਖੀ ਸਰੂਪ ਵਿਚ ਕੰਮ ਕਰਨ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ ਅਤੇ ਬਾਕੀ ਦੇਸ਼ਾਂ ਨੂੰ ਵੀ ਸਿੱਖਾਂ ਦੇ ਕਕਾਰਾਂ ਦੀ ਅਹਿਮੀਅਤ ਨੂੰ ਸਮਝਦਿਆਂ ਹਰੇਕ ਅਦਾਰੇ ਵਿਚ ਧਾਰਮਿਕ ਅਜ਼ਾਦੀ ਨਾਲ ਕੰਮ ਕਰਨ ਦਾ ਅਧਿਕਾਰ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਿਥੇ ਅਮਰੀਕਾ ਵਰਗੀ ਵਿਸ਼ਵ ਤਾਕਤ ਨੇ ਸਿੱਖਾਂ ਦੇ ਕਕਾਰਾਂ ਦੀ ਮਹਾਨਤਾ ਨੂੰ ਸਮਝਦਿਆਂ ਇਹ ਅਧਿਕਾਰ ਦਿੱਤਾ ਹੈ ਉਥੇ ਭਾਰਤ ਵਿਚ ਸਿੱਖਾਂ ਨੂੰ ਆਪਣੇ ਕਕਾਰਾਂ ਲਈ ਕਈ ਥਾਈਂ ਸੰਘਰਸ਼ ਕਰਨਾ ਪੈ ਰਿਹਾ ਹੈ। ਸਿੱਖ ਬੱਚਿਆਂ ਨੂੰ ਕਈ ਵਾਰ ਪ੍ਰੀਖਿਆ ਕੇਂਦਰਾਂ, ਸਕੂਲਾਂ ਵਿਚੋਂ ਕਕਾਰਾਂ ਕਰਕੇ ਬੈਠਣ ਨਹੀਂ ਦਿੱਤਾ ਗਿਆ। ਕਈ ਵਾਰ ਫਿਲਮਾਂ ਤੇ ਟੀ.ਵੀ. ਨਾਟਕਾਂ ਵਿਚ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ ਜਾਂਦੀ ਹੈ। ਅਜਿਹੇ ਵਿਚ ਅਮਰੀਕਾ ਦਾ ਸਿੱਖਾਂ ਨੂੰ ਕਕਾਰਾਂ ਦੀ ਅਜ਼ਾਦੀ ਦੇਣਾ ਹਿੰਦੁਸਤਾਨ ਦੇ ਧਾਰਮਿਕ ਅਜ਼ਾਦੀ ਵਾਲੇ ਕਾਨੂੰਨ ‘ਤੇ ਸਵਾਲੀਆ ਚਿੰਨ੍ਹ ਵੀ ਲਾਉਂਦਾ ਹੈ।