ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸੂਚਨਾ ਕੇਂਦਰ ਵਿਖੇ ਕੀਤਾ ਸਨਮਾਨਿਤ

ਅੰਮ੍ਰਿਤਸਰ, 24 ਅਕਤੂਬਰ-
ਅਮਰੀਕੀ ਅੰਬੈਸਡਰ ਕੈਨੈਥ ਆਈ ਜਸਟਰ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ ਨੇ ਪਰਕਰਮਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਅਤੇ ਇਥੇ ਸਥਿਤ ਹੋਰ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਕੈਨੈਥ ਆਈ ਜਸਟਰ ਨੂੰ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਅਮਰੀਕੀ ਅੰਬੈਸਡਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਸਮੇਂ ਹੋਏ ਅਨੁਭਵ ਨੂੰ ਯਾਤਰੂ ਬੁੱਕ ਵਿਚ ਦਰਜ਼ ਕਰਦਿਆਂ ਲਿਖਿਆ ਕਿ ਉਨ੍ਹਾਂ ਦੀ ਇਹ ਯਾਤਰਾ ਯਾਦਗਾਰੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਕ ਬੇਹੱਦ ਸ਼ਾਨਦਾਰ ਤੇ ਮਨਮੋਹਕ ਅਸਥਾਨ ਹੈ, ਜਿਸ ਦੀ ਉਹ ਯਾਤਰਾ ਕਰ ਸਕੇ ਹਨ। ਉਨ੍ਹਾਂ ਯਾਤਰੂ ਕਿਤਾਬ ਵਿਚ ਦਰਜ਼ ਸ਼ਬਦਾਂ ਰਾਹੀਂ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੂਚਨਾ ਅਧਿਕਾਰੀ ਸ. ਹਰਿੰਦਰ ਸਿੰਘ ਰੋਮੀ, ਸ. ਜਤਿੰਦਰਪਾਲ ਸਿੰਘ ਅਤੇ ਹੋਰ ਮੌਜੂਦ ਸਨ।