ਅੰਮ੍ਰਿਤਸਰ 25 ਅਗਸਤ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਕੌਮਾਂਤਰੀ ਬਾਸਕਿਟਬਾਲ ਐਸੋਸੀਏਸ਼ਨ (ਫੀਬਾ) ਨੂੰ ਪੱਗੜੀ ਸਬੰਧੀ ਸਿੱਖ ਖਿਡਾਰੀਆਂ ਵਿਰੁੱਧ ਵਿਤਕਰੇ ਵਾਲੀ ਨੀਤੀ ਖ਼ਤਮ ਕਰਨ ਲਈ ਕਹਿਣਾ ਸ਼ਲਾਘਾਯੋਗ ਹੈ।

ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ‘ਫੀਬਾ’ ਵੱਲੋਂ ਭੇਦਭਾਵ ਦੀ ਨੀਤੀ ਹੇਠ ਜਾਪਾਨ ‘ਚ ਹੋਏ ਏਸ਼ੀਆ ਕੱਪ ਦੌਰਾਨ ਦੋ ਸਿੱਖ ਖਿਡਾਰੀਆਂ ਸ. ਅੰਮ੍ਰਿਤਪਾਲ ਸਿੰਘ ਤੇ ਸ. ਅਮਜੋਤ ਸਿੰਘ ਅਤੇ ਅਰਬੀ ਦੇਸ਼ ਦੋਹਾ-ਕਤਰ ਵਿੱਚ ਅੰਡਰ-੧੮ ਏਸ਼ੀਆ ਬਾਸਕਿਟਬਾਲ ਚੈਂਪੀਅਨਸ਼ਿਪ ਵਿੱਚ ਸ. ਅਨਮੋਲ ਸਿੰਘ ਨੂੰ ਸਿਰ ‘ਤੇ ਪਟਕਾ (ਛੋਟੀ ਦਸਤਾਰ) ਬੰਨ੍ਹਿਆ ਹੋਣ ਕਰਕੇ ਖੇਡਣ ਤੋਂ ਰੋਕਿਆ ਗਿਆ ਸੀ, ਜਿਸ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਵਿਰੋਧ ਕਰਦਿਆਂ ਫੀਬਾ ਨੂੰ ਆਪਣੇ ਨਿਯਮਾਂ ‘ਚ ਸੋਧ ਕਰਨ ਲਈ ਕਿਹਾ ਗਿਆ ਸੀ।ਉਨ੍ਹਾਂ ਕਿਹਾ ਕਿ ਫੀਬਾ ਵੱਲੋਂ ਅਜਿਹੀਆਂ ਕਾਰਵਾਈਆਂ ਨਾਲ ਜਿਥੇ ਸਿੱਖ ਖਿਡਾਰੀਆਂ ਦੇ ਵਕਾਰ ਨੂੰ ਭਾਰੀ ਸੱਟ ਵੱਜ ਰਹੀ ਹੈ ਉਥੇ ਦੇਸ਼-ਵਿਦੇਸ਼ ਵੱਸਦੇ ਸਿੱਖ ਭਾਈਚਾਰੇ ‘ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਦੀ ਪਹਿਚਾਣ ਹੈ ਇਸ ਨੂੰ ਬੰਨ੍ਹ ਕੇ ਖੇਡਣ ਨਾਲ ਖੇਡ ‘ਤੇ ਕੋਈ ਅਸਰ ਨਹੀਂ ਪੈਂਦਾ ਤੇ ਨਾ ਹੀ ਕਿਸੇ ਨੂੰ ਕੋਈ ਨੁਕਸਾਨ ਪਹੁੰਚਦਾ ਹੈ।

ਉਨ੍ਹਾਂ ਫੀਬਾ ਦੇ ਮੁਖੀ ਹੋਰਾਸਿਓ ਮੁਰਾਤੋਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਅੱਗੇ ਪਾਉਣ ਦੀ ਥਾਂ ਦਸਤਾਧਾਰੀ ਸਿੱਖਾਂ ਖਿਲਾਫ ਭੇਦਭਾਵ ਦੀ ਨੀਤੀ ਤਿਆਗ ਕੇ ਉਨ੍ਹਾਂ ਨੂੰ ਬਾਸਕਿਟਬਾਲ ਖੇਡਣ ਦੀ ਇਜ਼ਾਜਤ ਦੇਣ।