ਦਿੱਲੀ ਹਵਾਈ ਅੱਡੇ ‘ਤੇ ਘਰੇਲੂ ਉਡਾਣ ‘ਚ ਸਿੱਖ ਨੂੰ ਕਕਾਰ ਉਤਾਰ ਕੇ ਜਾਣ ਲਈ ਮਜ਼ਬੂਰ ਕਰਨਾ ਮੰਦਭਾਗਾ

ਅੰਮ੍ਰਿਤਸਰ, ੨੨ ਫਰਵਰੀ- ਅਮਰੀਕੀ ਹਵਾਈ ਸੈਨਾ ਵੱਲੋਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਦਿਆਂ ਡਰੈਸ ਕੋਡ ਵਿਚ ਕੀਤੀ ਗਈ ਤਬਦੀਲੀ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਮਰੀਕੀ ਹਵਾਈ ਫੌਜ ਦੇ ਤਾਜਾ ਫੈਸਲੇ ਨਾਲ ਸਿੱਖਾਂ ਸਮੇਤ ਕਈ ਹੋਰ ਧਰਮਾਂ ਦੇ ਲੋਕਾਂ ਨੂੰ ਰਾਹਤ ਮਿਲੇਗੀ। ਅਮਰੀਕਾ ਅੰਦਰ ਇਹ ਘੱਟ ਗਿਣਤੀ ਸਿੱਖਾਂ ਲਈ ਖੁਸ਼ੀ ਦੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਪੂਰੇ ਵਿਸ਼ਵ ਅੰਦਰ ਆਪਣੀ ਮਿਹਨਤ ਅਤੇ ਲਿਆਕਤ ਨਾਲ ਸਥਾਨ ਨਿਰਧਾਰਤ ਕੀਤਾ ਹੈ। ਅੱਜ ਵੱਖ-ਵੱਖ ਦੇਸ਼ਾਂ ਅੰਦਰ ਸਿੱਖਾਂ ਦੀਆਂ ਪ੍ਰਾਪਤੀਆਂ ਗਿਣਨਯੋਗ ਹਨ। ਅਮਰੀਕਾ ਵੱਲੋਂ ਹਵਾਈ ਫੌਜ ਅੰਦਰ ਵਰਦੀ ਦੇ ਨਿਯਮਾਂ ਵਿਚ ਧਾਰਮਿਕ ਪਹਿਰਾਵੇ ਨੂੰ ਮਾਨਤਾ ਦੇਣੀ ਚੰਗੀ ਗੱਲ ਹੈ। ਉਨ੍ਹਾਂ ਇਸ ਫੈਸਲੇ ਲਈ ਅਮਰੀਕੀ ਹਵਾਈ ਫੌਜ ਦਾ ਧੰਨਵਾਦ ਕੀਤਾ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਇਕ ਸਿੱਖ ਯਾਤਰੀ ਨੂੰ ਘਰੇਲੂ ਉਡਾਣ ਵਿਚ ਕ੍ਰਿਪਾਨ ਸਮੇਤ ਦਾਖਲ ਹੋਣ ਤੋਂ ਰੋਕਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਘਰੇਲੂ ਉਡਾਣਾ ਸਮੇਂ ਸਿੱਖਾਂ ਨੂੰ ਕਕਾਰਾਂ ਅਤੇ ਖਾਸ ਕਰਕੇ ਕ੍ਰਿਪਾਨ ਸਮੇਤ ਸਫਰ ਕਰਨ ਦੀ ਇਜ਼ਾਜਤ ਹੈ, ਪ੍ਰੰਤੂ ਹਰਪ੍ਰੀਤ ਸਿੰਘ ਨਾਮ ਦੇ ਸਿੱਖ ਨੂੰ ਦਿੱਲੀ ਤੋਂ ਮੁੰਬਈ ਜਾਣ ਸਮੇਂ ਕ੍ਰਿਪਾਨ ਉਤਾਰਨ ਲਈ ਮਜ਼ਬੂਰ ਕੀਤਾ ਗਿਆ ਹੈ। ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਏਅਰ ਇੰਡੀਆ ਪਾਸ ਉਠਾਇਆ ਜਾਵੇਗਾ। ਉਨ੍ਹਾਂ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਕਿ ਅਜਿਹੇ ਮਾਮਲਿਆਂ ਸਬੰਧੀ ਸ਼ਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ। ਘਰੇਲੂ ਉਡਾਣਾ ਵਿਚ ਸਿੱਖਾਂ ਨੂੰ ਕਕਾਰਾਂ ਸਮੇਤ ਜਾਣ ਦੀ ਇਜ਼ਾਜਤ ਨੂੰ ਸ਼ਖ਼ਤੀ ਨਾਲ ਲਾਗੂ ਕਰਵਾਇਆ ਜਾਵੇ। ਅਜਿਹੇ ਅਧਿਕਾਰੀਆਂ ਖਿਲਾਫ ਕਰੜੀ ਕਾਰਵਾਈ ਹੋਵੇ ਜੋ ਜਾਣਬੁਝ ਕੇ ਸਿੱਖਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ।