S. Avtar Singhਅੰਮ੍ਰਿਤਸਰ 15 ਅਕਤੂਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਬਰਗਾੜੀ ਵਿਖੇ ਸਮੁੱਚੀ ਮਨੁੱਖਤਾ ਦੇ ਰਹਿਬਰ, ਸਰਬ ਸਾਂਝੀਵਾਲਤਾ ਦੇ ਪ੍ਰਤੀਕ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਣ ਤੇ ਉਸ ਤੋਂ ਬਾਅਦ ਗੁਰੂ-ਘਰ ਦੇ ਦੋਖੀਆਂ ਵੱਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਘੋਰ ਬੇਅਦਬੀ ਕਰਨ ਤੇ ਸੰਗਤਾਂ ਵਿੱਚ ਪੈਦਾ ਹੋਇਆ ਰੋਹ ਤੇ ਰੋਸ ਸੁਭਾਵਿਕ ਹੈ ਕਿਉਂਕਿ ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਤੋਂ ਉਪਰ ਸਾਡੇ ਲਈ ਹੋਰ ਕੁਝ ਵੀ ਨਹੀਂ।ਇਸ ਲਈ ਸਾਨੂੰ ਸਾਰਿਆਂ ਨੂੰ ਸੰਯਮ ਵਰਤਦਿਆਂ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਜੱਜ ਨੂੰ ਸੌਂਪੀ ਜਾਂਚ ‘ਚ ਮੁਕੰਮਲ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਅਸਲ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ ਕਿਉਂਕਿ ਦੋਸ਼ੀਆਂ ਵੱਲੋਂ ਕੀਤਾ ਇਹ ਪਾਪ ਕਿਸੇ ਵੀ ਕੀਮਤ ‘ਤੇ ਬਖਸ਼ਣਯੋਗ ਨਹੀਂ।ਉਨ੍ਹਾਂ ਕਿਹਾ ਕਿ ਅਸਲ ਦੋਸ਼ੀਆਂ ਤੱਕ ਪਹੁੰਚਣ ਲਈ ਪੰਜਾਬ ਸਰਕਾਰ ਵੱਲੋਂ ੧ ਕਰੋੜ ਰੁਪਏ ਇਨਾਮ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਤੇ ਦੋਸ਼ੀਆਂ ਦੀ ਪਹਿਚਾਣ ਦੱਸਣ ਵਾਲੇ ਦਾ ਨਾਮ ਪਤਾ ਵੀ ਗੁਪਤ ਰੱਖਣ ਲਈ ਕਿਹਾ ਹੈ।ਇਸ ਦੇ ਨਾਲ ਹੀ ਏ.ਡੀ.ਜੀ.ਪੀ. ਕਰਾਈਮ ਦੀ ਅਗਵਾਈ ‘ਚ ਐਸ.ਆਈ.ਟੀ. ਦਾ ਵੀ ਗਠਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਘੋਰ ਘਟਨਾਵਾਂ ਨੂੰ ਪੱਕੇ ਤੌਰ ‘ਤੇ ਠੱਲ੍ਹ ਪਾਉਣ ਲਈ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ ਤੇ ਇਸ ਲਈ ਸ਼੍ਰੋਮਣੀ ਕਮੇਟੀ ਜਲਦੀ ਹੀ ਵਕੀਲਾਂ ਦੀ ਰਾਏ ਲੈ ਕੇ ਕੇਂਦਰ ਸਰਕਾਰ ਪਾਸ ਪਹੁੰਚ ਕਰੇਗੀ।ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਗੁਨਾਹ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦਾ ਕਾਨੂੰਨ ਹੋਵੇ ਤਾਂ ਰੁਕ ਸਕਦੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਗਰਮੀਆਂ ਦੇ ਮੌਸਮ ਤੋਂ ਪਹਿਲਾਂ ਅਖ਼ਬਾਰਾਂ ਰਾਹੀਂ ਗੁਰੂ-ਘਰਾਂ ਦੇ ਪ੍ਰਬੰਧਕਾਂ ਨੂੰ ਗੁਰੂ-ਘਰਾਂ ਪ੍ਰਤੀ ਸੁਚੇਤ ਹੋਣ ਲਈ ਅਖ਼ਬਾਰਾਂ ‘ਚ ਇਸ਼ਤਿਹਾਰ ਦਿੱਤਾ ਜਾਂਦਾ ਹੈ ਤਾਂ ਜੋ ਅਗਜਨੀ ਵਰਗੀਆਂ ਦੁੱਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪ੍ਰਬੰਧ ਵਾਲੇ ਸਮੁੱਚੇ ਗੁਰਦੁਆਰਾ ਸਾਹਿਬਾਨ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ ਅਤੇ ਮੌਜੂਦਾ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਪਹਿਰੇਦਾਰਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ।ਉਨ੍ਹਾਂ ਇਕ ਵਾਰ ਫਿਰ ਸੰਗਤਾਂ ਨੂੰ ਅਪੀਲ ਕੀਤੀ ਕਿ ਘਟਨਾ ਬਹੁਤ ਵੱਡੀ ਤੇ ਨਾ-ਬਰਦਾਸ਼ਤਯੋਗ ਹੈ, ਪ੍ਰੰਤੂ ਅਸਲ ਦੋਸ਼ੀਆਂ ਤੱਕ ਪਹੁੰਚਣ ਲਈ ਉਹ ਸ਼ਾਂਤੀ ਬਣਾਈ ਰੱਖਣ ਤੇ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਜੱਜ ਨੂੰ ਸੌਂਪੀ ਜਾਂਚ ਵਿੱਚ ਮੁਕੰਮਲ ਸਹਿਯੋਗ ਕਰਨ।