ਅੰਮ੍ਰਿਤਸਰ, ੭ ਅਕਤੂਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਗੁਰਦੁਆਰਾ ਨਿੰਮ ਸਾਹਿਬ ਕੈਥਲ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਪਾਤਸ਼ਾਹੀ ਨੌਵੀਂ ਤਰਾਵੜੀ (ਹਰਿਆਣਾ) ਲਈ ਰਵਾਨਾ ਹੋ ਗਿਆ। ਇਥੇ ਸੰਗਤਾਂ ਦਾ ਉਤਸ਼ਾਹ ਦੇਖਣਯੋਗ ਸੀ। ਇਥੋਂ ਰਵਾਨਗੀ ਸਮੇਂ ਪਾਲਕੀ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਨ ਸਮੇਂ ਹਜ਼ਾਰਾਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਭੇਟ ਕੀਤਾ। ਗਤਕਾ ਪਾਰਟੀਆਂ ਵੱਲੋਂ ਸਿੱਖ ਮਾਰਸ਼ਲ ਆਰਟ ਦੇ ਜੌਹਰ ਦਿਖਾਏ ਗਏ। ਇਸ ਤੋਂ ਪਹਿਲਾਂ ਗੁਰਦੁਆਰਾ ਨਿੰਮ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ ਨੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ੧੨ ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖ ਹੋਣ ਵਾਲੇ ਗੁਰਮਤਿ ਸਮਾਗਮਾਂ ਵਿਚ ਭਰਵੀਂ ਸ਼ਮੂਲੀਅਤ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਨਗਰ ਕੀਰਤਨ ਵਿਚ ਸੰਗਤ ਵੱਲੋਂ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਥਾਂ-ਥਾਂ ‘ਤੇ ਲੰਗਰਾਂ ਤੇ ਜਲ ਪਾਣੀ ਦੀ ਸੇਵਾ ਲਈ ਸੰਗਤ ਦਾ ਧੰਨਵਾਦ ਕੀਤਾ। ਇਸੇ ਦੌਰਾਨ ਨਗਰ ਕੀਰਤਨ ਦਾ ਕੈਥਲ ਤੋਂ ਅੱਗੇ ਫਰਲ, ਪੁੰਡਰੀ, ਹਾਬੜੀ, ਰਸੀਨਾ, ਨੀਸਿੰਗ ਆਦਿ ਵਿਖੇ ਸੰਗਤ ਨੇ ਜਾਹੋ-ਜਲਾਲ ਨਾਲ ਸਵਾਗਤ ਕੀਤਾ। ਨਗਰ ਕੀਰਤਨ ‘ਚ ਮੌਜੂਦ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ. ਰਘੂਜੀਤ ਸਿੰਘ ਵਿਰਕ ਤੋਂ ਇਲਾਵਾ ਸ. ਸ਼ਰਨਜੀਤ ਸਿੰਘ ਸੋਥਾ, ਸ. ਸੁਖਬੀਰ ਸਿੰਘ ਮਾਂਡੀ, ਸ. ਗੁਰਨਾਮ ਸਿੰਘ, ਮੀਤ ਸਕੱਤਰ ਸ. ਨਿਸ਼ਾਨ ਸਿੰਘ, ਮੈਨੇਜਰ ਸ. ਸੁਖਦੇਵ ਸਿੰਘ ਪੰਜੋਖਰਾ ਸਾਹਿਬ, ਸ. ਪ੍ਰਿਥੀਪਾਲ ਸਿੰਘ ਝੱਬਰ, ਸ. ਮੰਗਪ੍ਰੀਤ ਸਿੰਘ ਇੰਚਾਰਜ, ਸ. ਗੁਰਪ੍ਰੀਤ ਸਿੰਘ ਰੋਡੇ ਮੈਨੇਜਰ, ਸ. ਬਹਾਲ ਸਿੰਘ ਆਦਿ ਮੌਜੂਦ ਸਨ।