ਅੰਮ੍ਰਿਤਸਰ, ੫ ਅਕਤੂਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤਾ ਗਿਆ ਅੰਤਰਰਾਸ਼ਟਰੀ ਨਗਰ ਕੀਰਤਨ ਹਰਿਆਣਾ ਦੇ ਜੀਂਦ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਕਰਨਾਲ ਲਈ ਖ਼ਾਲਸਈ ਜਾਹੋ-ਜਲਾਲ ਨਾਲ ਰਵਾਨਾ ਹੋਇਆ। ਵਰਨਣਯੋਗ ਹੈ ਕਿ ਨਗਰ ਕੀਰਤਨ ਦਾ ਦਿੱਲੀ ਤੋਂ ਹਰਿਆਣਾ ਵਿਖੇ ਬੀਤੇ ਕੱਲ੍ਹ ਪ੍ਰਵੇਸ਼ ਕਰਨ ‘ਤੇ ਸੰਗਤ ਨੇ ਭਰਵਾਂ ਸਵਾਗਤ ਕੀਤਾ। ਥਾਂ-ਥਾਂ ਲੰਗਰ ਆਦਿ ਦੁਆਰਾ ਸੰਗਤਾਂ ਨੇ ਸ਼ਰਧਾ ਪ੍ਰਗਟਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ। ਵੱਖ-ਵੱਖ ਥਾਂਵਾਂ ‘ਤੇ ਖੂਬਸੂਰਤ ਸਵਾਗਤੀ ਗੇਟ ਵੀ ਬਣਾਏ ਗਏ ਸਨ। ਜੀਂਦ ਵਿਖੇ ਪੁੱਜਣ ‘ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਹਰਦੀਪ ਸਿੰਘ, ਗੁਰਦੁਆਰਾ ਸਿੰਘ ਸਭਾ ਬਹਾਦਰਗੜ੍ਹ ਦੇ ਪ੍ਰਧਾਨ ਸ. ਜਗਜੀਤ ਸਿੰਘ ਵਿਰਕ, ਗੁਰਦੁਆਰਾ ਬੰਗਲਾ ਸਾਹਿਬ ਰੋਹਤਕ ਦੇ ਪ੍ਰਧਾਨ ਸ. ਅਵਤਾਰ ਸਿੰਘ, ਸ. ਜਗਮੋਹਨ ਸਿੰਘ ਸੱਚਰ, ਭਾਈ ਮੰਗਪ੍ਰੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਕੁਰੂਕਸ਼ੇਤਰ ਆਦਿ ਨੇ ਸਵਾਗਤ ਕੀਤਾ।
ਇਸ ਦੌਰਾਨ ਅੱਜ ਕਰਨਾਲ ਲਈ ਰਵਾਨਗੀ ਸਮੇਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ। ਗਤਕਾ ਅਖਾੜਿਆਂ ਦੇ ਨੌਜੁਆਨਾਂ ਵੱਲੋਂ ਸਿੱਖ ਮਾਰਸ਼ਲ ਆਰਟ ਦੀ ਪੇਸ਼ਕਾਰੀ ਕੀਤੀ ਗਈ। ਰਵਾਨਗੀ ਸਮੇਂ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਭੁਪਿੰਦਰ ਸਿੰਘ ਅਸੰਧ, ਗੁਰਦੁਆਰਾ ਮੰਜੀ ਸਾਹਿਬ ਕਰਨਾਲ ਦੇ ਪ੍ਰਧਾਨ ਸ. ਬਲਕਾਰ ਸਿੰਘ, ਸ. ਗੁਰਜਿੰਦਰ ਸਿੰਘ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਨਿਸ਼ਾਨ ਸਿੰਘ, ਮੈਨੇਜਰ ਸ. ਗੁਰਪ੍ਰੀਤ ਸਿੰਘ ਰੋਡੇ ਆਦਿ ਮੌਜੂਦ ਸਨ।