ਅੰਮ੍ਰਿਤਸਰ, 31 ਅਗਸਤ- ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਖੜਗਪੁਰ ਤੋਂ ਜਮਸ਼ੇਦਪੁਰ ਲਈ ਖ਼ਾਲਸਈ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋ ਗਿਆ। ਇਸ ਮੌਕੇ ਸੰਗਤ ਵੱਲੋਂ ਜੈਕਾਰਿਆਂ ਨਾਲ ਸ਼ਰਧਾ ਪ੍ਰਗਟਾਈ ਗਈ। ਇਸ ਤੋਂ ਪਹਿਲਾਂ ਇਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖਰੀਦਾ ਖੜਗਪੁਰ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਦੀ ਪ੍ਰੇਰਣਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦਾ ਸੰਦੇਸ਼ ਮਨੁੱਖੀ ਜੀਵਨ ਲਈ ਬੇਹੱਦ ਅਹਿਮ ਹੈ ਅਤੇ ਹਰ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਗੁਰੂ ਹੁਕਮਾਂ ਅਨੁਸਾਰ ਜੀਵਨ ਬਤੀਤ ਕਰੇ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਹੋਣ ਵਾਲੇ ਗੁਰਮਤਿ ਸਮਾਗਮਾਂ ਸਮੇਂ ਪੁੱਜਣ ਲਈ ਸੰਗਤ ਨੂੰ ਅਪੀਲ ਵੀ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ ਨੇ ਨਗਰ ਕੀਰਤਨ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਇਹ ਸਾਡੇ ਸਮਿਆਂ ਦਾ ਅਹਿਮ ਮੌਕਾ ਹੈ, ਜੋ ਅਗਲੇ ਸਮਿਆਂ ਦੌਰਾਨ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ਼ ਹੋਵੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।
ਇਸੇ ਦੌਰਾਨ ਨਗਰ ਕੀਰਤਨ ਦੀ ਅੱਗੇ ਰਵਾਨਗੀ ਸਮੇਂ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਿਰਕਤ ਕੀਤੀ। ਫੁੱਲ ਪੱਤੀਆਂ ਦੀ ਵਰਖਾ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਮਾਹੌਲ ਨੂੰ ਅਲੌਕਿਕ ਬਣਾ ਰਹੇ ਸਨ। ਸੰਗਤ ਦਾ ਉਤਸ਼ਾਹ ਗੁਰੂ ਸਾਹਿਬ ਪ੍ਰਤੀ ਸ਼ਰਧਾ ਦੀ ਸਿਖ਼ਰ ਸੀ। ਨਗਰ ਕੀਰਤਨ ਨਾਲ ਚੱਲ ਰਹੀ ਵਿਸ਼ੇਸ਼ ਬੱਸ ਵਿਚ ਸੁਸ਼ੋਭਿਤ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਵੀ ਸੰਗਤ ਨਿਹਾਲ ਹੋ ਰਹੀ ਸੀ। ਇਸ ਮੌਕੇ ਵੱਡੀ ਗਿਣਤੀ ਸੰਗਤਾਂ ਤੋਂ ਇਲਾਵਾ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ, ਸ. ਜਤਿੰਦਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖੜਗਪੁਰ, ਸ. ਰਵਿੰਦਰ ਸਿੰਘ ਮੀਤ ਪ੍ਰਧਾਨ, ਸ. ਗੁਰਦੀਪ ਸਿੰਘ ਤੂਰ, ਸ. ਨਰਿੰਦਰ ਸਿੰਘ ਸੈਕਟਰੀ, ਸ. ਹਰਦੀਪ ਸਿੰਘ ਕੈਸ਼ੀਅਰ, ਸ. ਮਨਜੀਤ ਸਿੰਘ ਚੇਅਰਮੈਨ, ਸ. ਹਰਜਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਚਰਨਜੀਤ ਸਿੰਘ, ਸ. ਗਗਨਦੀਪ ਸਿੰਘ, ਸ. ਜਸਪਾਲ ਸਿੰਘ ਮੈਨੇਜਰ, ਸ. ਗੁਵਿੰਦਰ ਸਿੰਘ, ਸ. ਗੁਰਵਿੰਦਰ ਪ੍ਰਚਾਰਕ ਜੰਮੂ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂ ਘੁੰਮਣ, ਵਧੀਕ ਮੈਨੇਜਰ ਸ. ਨਰਿੰਦਰ ਸਿੰਘ ਮਥਰੇਵਾਲ, ਇੰਚਾਰਜ ਸ. ਗੁਰਚਰਨ ਸਿੰਘ ਕੁਹਾਲਾ, ਸ. ਅਜੀਤ ਸਿੰਘ, ਸ. ਹਰਜੀਤ ਸਿੰਘ ਆਦਿ ਮੌਜੂਦ ਸਨ।