ਅੰਮ੍ਰਿਤਸਰ, ੨੭ ਅਗਸਤ- ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਝਾਰਖੰਡ ਦੇ ਸ਼ਹਿਰ ਧਨਬਾਦ ਵਿਖੇ ਰਾਤ ਦੇ ਵਿਸ਼ਰਾਮ ਮਗਰੋਂ ਆਪਣੇ ਅਗਲੇ ਪੜਾਅ ਦੁਰਗਾਪੁਰ ਵੈਸਟ ਬੰਗਾਲ ਲਈ ਰਵਾਨਾ ਹੋ ਗਿਆ। ਇਥੇ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਅਤੇ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਸੰਗਤ ਨੂੰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ’ਤੇ ਪਹਿਰਾ ਦਿੰਦਿਆਂ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਕੀਤੀ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਹੈੱਡ ਗ੍ਰੰਥੀ ਭਾਈ ਪ੍ਰਣਾਮ ਸਿੰਘ ਵੱਲੋਂ ਅਰਦਾਸ ਮਗਰੋਂ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ ਗਿਆ। ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਨ ਦੀ ਸੇਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗੰ੍ਰਥੀ ਭਾਈ ਮਲਕੀਤ ਸਿੰਘ ਨੇ ਨਿਭਾਈ। ਧਨਬਾਦ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਪੁੱਜੀਆਂ ਹੋਈਆਂ ਸਨ। ਨਗਰ ਕੀਰਤਨ ਦੀ ਰਵਾਨਗੀ ਸਮੇਂ ਇਥੇ ਮੌਜੂਦ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ, ਭਾਈ ਤੇਜਪਾਲ ਸਿੰਘ ਪ੍ਰਧਾਨ ਗੁਰਦੁਆਰਾ ਬੜਾ ਸਾਹਿਬ, ਘੱਟ ਗਿਣਤੀ ਕਮਿਸ਼ਨ ਦੇ ਉੱਪ-ਚੇਅਰਮੈਨ ਸ. ਗੁਰਵਿੰਦਰ ਸਿੰਘ ਸੇਠੀ, ਭਾਈ ਇੰਦਰਜੀਤ ਸਿੰਘ ਜਨਰਲ ਸਕੱਤਰ, ਭਾਈ ਜਗਜੀਤ ਸਿੰਘ ਮੀਤ ਪ੍ਰਧਾਨ, ਭਾਈ ਰਜਿੰਦਰ ਸਿੰਘ ਚੈਹਲ ਮੈਂਬਰ, ਭਾਈ ਦਲਬਾਰਾ ਸਿੰਘ ਸਾਬਕਾ ਪ੍ਰਧਾਨ, ਭਾਈ ਤੀਰਥ ਸਿੰਘ ਸਾਬਕਾ ਪ੍ਰਧਾਨ, ਭਾਈ ਗੁਰਜੀਤ ਸਿੰਘ ਸੈਕਟਰੀ, ਸ. ਜਸਬੀਰ ਸਿੰਘ ਧਾਮ ਮੁੰਬਈ ਵਾਲੇ, ਸ. ਸਲਵਿੰਦਰ ਸਿੰਘ ਝਾਰਖੰਡ ਪ੍ਰਧਾਨ, ਸ. ਇੰਦਰਜੀਤ ਸਿੰਘ ਮੀਤ ਪ੍ਰਧਾਨ ਤਖ਼ਤ ਸ੍ਰੀ ਪਟਨਾ ਸਾਹਿਬ, ਸ. ਗੁਰਚਰਨ ਸਿੰਘ ਬਿੱਲਾ ਪ੍ਰਧਾਨ ਸਿੱਖ ਪ੍ਰਤੀਨਿਧ ਬੋਰਡ ਆਦਿ ਮੌਜੂਦ ਸਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂ ਘੁੰਮਣ, ਇੰਚਾਰਜ ਸ. ਗੁਰਚਰਨ ਸਿੰਘ ਕੁਹਾਲਾ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਨਰਿੰਦਰ ਸਿੰਘ ਮਥਰੇਵਾਲ, ਸ. ਅਜੀਤ ਸਿੰਘ ਆਦਿ ਵੀ ਨਗਰ ਕੀਰਤਨ ਨਾਲ ਚੱਲ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਅਤੇ ਨਗਰ ਕੀਰਤਨ ਦੇ ਕੋਆਰਡੀਨੇਟਰ ਸ. ਮਨਜੀਤ ਸਿੰਘ ਬਾਠ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਏ ਇਸ ਆਲਮੀ ਨਗਰ ਕੀਰਤਨ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਸੂਬੇ ਅੰਦਰ ਵੱਡੀ ਗਿਣਤੀ ਵਿਚ ਸੰਗਤਾਂ ਨਗਰ ਕੀਰਤਨ ਦੇ ਦਰਸ਼ਨ-ਦੀਦਾਰ ਲਈ ਪੁੱਜ ਰਹੀਆਂ ਹਨ। ਝਾਰਖੰਡ ਸੂਬੇ ਅੰਦਰ ਵੀ ਸੰਗਤਾਂ ਦੀ ਭਰਵੀਂ ਸ਼ਮੂਲੀਅਤ ਰਹੀ। ਉਨ੍ਹਾਂ ਦੱਸਿਆ ਕਿ ਇਹ ਨਗਰ ਕੀਰਤਨ ਭਲਕੇ ੨੮ ਅਗਸਤ ਨੂੰ ਦੁਰਗਾਬਾਦ ਤੋਂ ਗੁਰਦੁਆਰਾ ਸਾਹਿਬ ਡਨਲਪ ਕਲਕੱਤਾ ਲਈ ਰਵਾਨਾ ਹੋਵੇਗਾ।