ਬੜੋਦਾ ਤੋਂ ਅਹਿਮਦਾਬਾਦ ਲਈ ਨਗਰ ਕੀਰਤਨ ਹੋਇਆ ਰਵਾਨਾ

ਅੰਮ੍ਰਿਤਸਰ, ੨੫ ਸਤੰਬਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਗੁਜਰਾਤ ਸੂਬੇ ਅੰਦਰ ਪਹੁੰਚਣ ‘ਤੇ ਸੰਗਤਾਂ ਵੱਲੋਂ ਖ਼ਾਲਸਈ ਜਾਹੋ-ਜਲਾਲ ਨਾਲ ਸਵਾਗਤ ਕੀਤਾ ਗਿਆ। ਵੱਖ-ਵੱਖ ਥਾਵਾਂ ‘ਤੇ ਭਰਵੀਂ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ ਅਤੇ ਰੁਮਾਲਾ ਸਾਹਿਬ ਵੀ ਭੇਟ ਕੀਤੇ। ਥਾਂ-ਥਾਂ ‘ਤੇ ਲੰਗਰ ਲਗਾਏ ਗਏ ਸਨ ਅਤੇ ਖੂਬਸੂਰਤ ਸਵਾਗਤੀ ਗੇਟ ਤੇ ਸੁੰਦਰ ਲੜੀਆਂ ਵੀ ਖਿੱਚ ਦਾ ਕੇਂਦਰ ਰਹੀਆਂ। ਬੜੋਦਾ ਵਿਖੇ ਪੁੱਜਣ ਸਮੇਂ ਆਤਿਸ਼ਬਾਜੀ ਕੀਤੀ ਗਈ। ਇਸੇ ਦੌਰਾਨ ਅੱਜ ਨਗਰ ਕੀਰਤਨ ਦੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੂਰਤ ਤੋਂ ਅਗਲੇ ਪੜਾਅ ਅਹਿਮਦਾਬਾਦ ਲਈ ਰਵਾਨਗੀ ਹੋਈ। ਇਥੇ ਰਵਾਨਗੀ ਤੋਂ ਪਹਿਲਾਂ ਧਾਰਮਿਕ ਦੀਵਾਨ ਵਿਚ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਗਿਆਨੀ ਜਸਵਿੰਦਰ ਸਿੰਘ ਸ਼ਹੂਰ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੇ ਉਪਦੇਸ਼ਾਂ ਤੋਂ ਜਾਣੂ ਕਰਵਾਇਆ। ਸ਼੍ਰੋਮਣੀ ਕਮੇਟੀ ਵੱਲੋਂ ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂਘੁੰਮਣ ਨੇ ਸੰਗਤਾਂ ਦਾ ਧੰਨਵਾਦ ਕੀਤਾ। ਸਥਾਨਕ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ. ਹਰਵਿੰਦਰ ਸਿੰਘ, ਸ. ਸੁੰਦਰ ਸਿੰਘ, ਸ. ਮਦਨ ਸਿੰਘ ਨਾਰੰਗ, ਸ. ਸੁਖਬੀਰ ਸਿੰਘ, ਸ੍ਰੀ ਰਕੇਸ਼ ਰਿਵਾੜੀ, ਸ੍ਰੀ ਗੁਲਸ਼ਨ ਪੰਜਾਬੀ, ਭਾਈ ਗੁਲਜ਼ਾਰ ਸਿੰਘ, ਸ੍ਰੀ ਉਦੈ ਨਾਰੰਗ ਮੌਜੂਦ ਸਨ। ਇਸੇ ਦੌਰਾਨ ਗੁਰਦੁਆਰਾ ਚਾਦਰ ਸਾਹਿਬ ਬੜੋਦਾ ਵਿਖੇ ਕਾਰਸੇਵਾ ਵਾਲੇ ਬਾਬਾ ਲੱਖਾ ਸਿੰਘ, ਬਾਬਾ ਬਲਕਾਰ ਸਿੰਘ, ਬਾਬਾ ਬਲਵਿੰਦਰ ਸਿੰਘ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਨਿਵਾਜਿਆ। ਸੰਗਤ ਵੱਲੋਂ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਤਹਿਤ ਨਗਰ ਕੀਰਤਨ ‘ਤੇ ਫੁੱਲਾਂ ਦੀ ਵਰਖਾ ਵੀ ਖਿੱਚ ਦਾ ਕੇਂਦਰ ਬਣੀ।