ਅੰਮ੍ਰਿਤਸਰ, 01 ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਝਾਰਖੰਡ ਦੇ ਜਮਸ਼ੇਦਪੁਰ ਵਿਖੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਵੱਖ-ਵੱਖ ਪੜਾਵਾਂ ਤੋਂ ਹੋਇਆ ਬੀਤੀ ਰਾਤ ਨਗਰ ਕੀਰਤਨ ਇਥੇ ਪਹੁੰਚਾ। ਅੱਜ ਨਗਰ ਕੀਰਤਨ ਜਮਸ਼ੇਦਪੁਰ ਵਿਖੇ ਹੀ ਸ਼ਹਿਰ ਅੰਦਰ ਸਜਾਇਆ ਗਿਆ, ਜਿਥੇ ਸੰਗਤਾਂ ਵੱਲੋਂ ਭਰਵੀਂ ਹਾਜ਼ਰੀ ਨਾਲ ਥਾਂ-ਥਾਂ ’ਤੇ ਸਵਾਗਤ ਕੀਤਾ ਗਿਆ। ਸੰਗਤ ਅਤੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ। ਇਥੇ ਨਗਰ ਕੀਰਤਨ ਨਾਲ ਸਾਰੇ ਸ਼ਹਿਰ ਵਿਚ ਅਲੌਕਿਕ ਮਾਹੌਲ ਦੇਖਣ ਯੋਗ ਸੀ। ਸ਼ਹਿਰ ਵਿਚ ਸੰਗਤ ਨੇ ਸਵਾਗਤੀ ਗੇਟ, ਬੈਨਰ ਅਤੇ ਸਵਾਗਤੀ ਲੜੀਆਂ ਲਗਾ ਕੇ ਆਪਣੀ ਸ਼ਰਧਾ ਪ੍ਰਗਟਾਈ। ਇਸੇ ਦੌਰਾਨ ਸੰਗਤ ਵੱਲੋਂ ਥਾਂ-ਥਾਂ ’ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਵੀ ਸੇਵਾ ਕੀਤੀ। ਨਗਰ ਕੀਰਤਨ ਦੇ ਆਰੰਭ ਹੋਣ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਜਮਸ਼ੇਦਪੁਰ ਦੇ ਪ੍ਰਧਾਨ ਸ. ਗੁਰਮੁੱਖ ਸਿੰਘ, ਸ. ਹਰਵਿੰਦਰ ਸਿੰਘ ਮੰਟੂ, ਸ. ਸਲਿੰਦਰ ਸਿੰਘ, ਸ. ਇੰਦਰਜੀਤ ਸਿੰਘ ਮੀਤ ਪ੍ਰਧਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸ. ਚਰਨਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਪਰਮਜੀਤ ਸਿੰਘ, ਸੁਪਰਵਾਈਜ਼ਰ ਸ. ਰਜਵੰਤ ਸਿੰਘ ਰੰਧਾਵਾ, ਸ. ਗੁਰਮੇਜ ਸਿੰਘ, ਸ. ਗੁਰਦੇਵ ਸਿੰਘ, ਸ. ਬਖ਼ਸ਼ੀਸ਼ ਸਿੰਘ, ਸ. ਸਤਨਾਮ ਸਿੰਘ, ਸ. ਮੋਹਨ ਸਿੰਘ, ਪ੍ਰਚਾਰਕ ਭਾਈ ਪ੍ਰਗਟ ਸਿੰਘ, ਕਵੀਸ਼ਰ ਭਾਈ ਜਸਬੀਰ ਸਿੰਘ, ਢਾਡੀ ਭਾਈ ਜਸਬੀਰ ਸਿੰਘ ਵਲਟੋਹਾ ਸਮੇਤ ਸੰਗਤਾਂ ਮੌਜੂਦ ਸਨ।