ਅੰਮ੍ਰਿਤਸਰ, ੨ ਅਕਤੂਬਰ– ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਦਿੱਲੀ ਦੀ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਵਰਣਨਯੋਗ ਹੈ ਕਿ ਬੀਤੇ ਕੱਲ੍ਹ ਨਗਰ ਕੀਰਤਨ ਨੇ ਦਿੱਲੀ ਵਿਚ ਪ੍ਰਵੇਸ਼ ਕਰਨ ਮਗਰੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਕੀਤਾ। ਇਸ ਤੋਂ ਪਹਿਲਾਂ ਤੁਗਲਕਾਬਾਦ, ਗੋਬਿੰਦਪੁਰੀ, ਕਾਲਕਾ ਜੀ, ਸੰਤ ਨਗਰ, ਗਰੇਟਰ ਕੈਲਾਸ਼, ਚਿਰਾਗ ਦਿੱਲੀ, ਮਾਲਵੀਆ ਨਗਰ, ਗਰੀਨ ਪਾਰਕ ਤੇ ਅਰਜਨ ਨਗਰ ਆਦਿ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਦਿੱਲੀ ਵਿਖੇ ਨਗਰ ਕੀਰਤਨ ਦੀ ਆਮਦ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ, ਸ. ਜਸਬੀਰ ਸਿੰਘ ਧਾਮ, ਸ. ਕੁਲਦੀਪ ਸਿੰਘ ਭੋਗਲ ਸਮੇਤ ਹੋਰ ਸਿੱਖ ਆਗੂਆਂ ਨੇ ਸਵਾਗਤ ਕੀਤਾ ਅਤੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਭੇਟ ਕੀਤੇ।
ਇਸੇ ਦੌਰਾਨ ਅੱਜ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਆਰੰਭ ਹੋ ਕੇ ਨਗਰ ਕੀਰਤਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪੁੱਜਾ। ਨਗਰ ਕੀਰਤਨ ਨਾਲ ਚਲਦੀਆਂ ਦਿੱਲੀ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਵੱਖ-ਵੱਖ ਥਾਵਾਂ ਸਵਾਗਤੀ ਗੇਟ ਅਤੇ ਸੁੰਦਰ ਲੜੀਆਂ ਲਗਾਈਆਂ ਗਈਆਂ ਸਨ। ਸੰਗਤ ਨੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਹੋਏ ਸਨ। ਇਸ ਤੋਂ ਪਹਿਲਾਂ ਅੱਜ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਕਥਾਵਾਚਕਾਂ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਕਮੇਟੀ, ਸ. ਹਰਮੀਤ ਸਿੰਘ ਕਾਲਕਾ, ਸ. ਕੁਲਦੀਪ ਸਿੰਘ ਸਾਹਨੀ, ਸ. ਮਨਮੋਹਨ ਸਿੰਘ ਵਿਕਾਸਪੁਰੀ, ਸ. ਓਂਕਾਰ ਸਿੰਘ ਰਾਜਾ, ਸ. ਇਕਬਾਲ ਸਿੰਘ, ਸ. ਜਸਬੀਰ ਸਿੰਘ, ਸ. ਬਲਦੇਵ ਸਿੰਘ, ਜਥੇਦਾਰ ਦਵਿੰਦਰ ਸਿੰਘ, ਮੀਤ ਸਕੱਤਰ ਸ. ਨਿਸ਼ਾਨ ਸਿੰਘ, ਸ. ਦਲਜੀਤ ਸਿੰਘ, ਸ. ਹਰਜਿੰਦਰ ਸਿੰਘ, ਸ. ਬਹਾਲ ਸਿੰਘ, ਸ. ਗੁਰਪ੍ਰੀਤ ਸਿੰਘ ਰੋਡੇ ਮੈਨੇਜਰ, ਸ. ਸੁਰਿੰਦਰਪਾਲ ਸਿੰਘ ਸਮਾਣਾ ਇੰਚਾਰਜ ਸਿੱਖ ਮਿਸ਼ਨ ਦਿੱਲੀ, ਸ. ਜਸਬੀਰ ਸਿੰਘ ਲੌਂਗੋਵਾਲ ਸਹਾਇਕ ਇੰਚਾਰਜ, ਭਾਈ ਕੁਲਵੰਤ ਸਿੰਘ ਪ੍ਰਚਾਰਕ ਆਦਿ ਮੌਜੂਦ ਸਨ।