ਖ਼ਾਲਸਈ ਜਾਹੋ-ਜਲਾਲ ਨਾਲ ਨਗਰ ਕੀਰਤਨ ਰੌੜਕਿਲ੍ਹਾ ਲਈ ਰਵਾਨਾ

ਅੰਮ੍ਰਿਤਸਰ, 3 ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਕੀਤਾ ਗਿਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਰਾਂਚੀ (ਝਾਰਖੰਡ) ਤੋਂ ਰੌੜਕਿਲ੍ਹਾ ਲਈ ਰਵਾਨਾ ਹੋਇਆ। ਨਗਰ ਕੀਰਤਨ ਨਾਲ ਪ੍ਰਬੰਧਕ ਵਜੋਂ ਸੇਵਾ ਨਿਭਾਅ ਰਹੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਰਾਂਚੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਨਗਰ ਕੀਰਤਨ ਦੇ ਪੁੱਜਣ ਸਮੇਂ ਸੰਗਤ ਨੇ ਖ਼ਾਲਸਈ ਜੈਕਾਰਿਆਂ ਅਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਇਥੇ ਘੱਟਗਿਣਤੀ ਕਮਿਸ਼ਨ ਝਾਰਖੰਡ ਦੇ ਚੇਅਰਮੈਨ ਮੁਹੰਮਦ ਇਕਬਾਲ ਖਾਨ ਅਤੇ ਉੱਪ ਚੇਅਰਮੈਨ ਸ. ਗੁਰਵਿੰਦਰ ਸਿੰਘ ਸੇਠੀ ਉਚੇਚੇ ਤੌਰ ’ਤੇ ਨਗਰ ਕੀਰਤਨ ਦੇ ਸਵਾਗਤ ਲਈ ਮੌਜੂਦ ਸਨ। ਇਸ ਤੋਂ ਇਲਾਵਾ ਸਥਾਨਕ ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰ, ਪ੍ਰਮੁੱਖ ਸਿੱਖ ਆਗੂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਵੀ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਪੁੱਜੀਆਂ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੀ ਰਾਂਚੀ ਤੋਂ ਰੌੜਕਿਲ੍ਹਾ ਲਈ ਰਵਾਨਗੀ ਸਮੇਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਅਗਲੇ ਪੜਾਅ ਲਈ ਆਰੰਭਤਾ ਸਮੇਂ ਅਰਦਾਸ ਕੀਤੀ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਸੰਗਤ ਨਾਲ ਗੁਰਮਤਿ ਵਿਚਾਰਾਂ ਵੀ ਸਾਂਝੀਆਂ ਕੀਤੀਆਂ। ਰਾਂਚੀ ਵਿਖੇ ਸੰਗਤ ਵੱਲੋਂ ਵਿਖਾਏ ਗਏ ਭਾਰੀ ਉਤਸ਼ਾਹ ਤੋਂ ਇਲਾਵਾ ਨਗਰ ਕੀਰਤਨ ਦੇ ਮਾਰਗ ’ਤੇ ਹੋਰਨਾਂ ਥਾਵਾਂ ’ਤੇ ਵੀ ਸੰਗਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਗੁਰੂ ਸਾਹਿਬ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕਰਕੇ ਸ਼ਰਧਾ ਪ੍ਰਗਟਾਈ। ਸੰਗਤਾਂ ਵੱਲੋਂ ਪੰਜ ਪਿਆਰੇ ਸਾਹਿਬਾਨ ਨੂੰ ਵੀ ਸਿਰੋਪਾਓ ਭੇਟ ਕਰਕੇ ਸਤਿਕਾਰ ਦਿੱਤਾ ਗਿਆ। ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ। ਰਾਂਚੀ ਤੋਂ ਰਵਾਨਗੀ ਸਮੇਂ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸ੍ਰੀ ਸੰਜੇ ਸੇਠੀ, ਗੁਰਦੁਆਰਾ ਸਿੰਘ ਸਭਾ ਰਾਂਚੀ ਦੇ ਪ੍ਰਧਾਨ ਸ. ਗੁਰਮੀਤ ਸਿੰਘ, ਝਾਰਖੰਡ ਕਮੇਟੀ ਦੇ ਪ੍ਰਧਾਨ ਸ. ਸੁਰਿੰਦਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ. ਇੰਦਰਜੀਤ ਸਿੰਘ, ਸ. ਪਰਮਜੀਤ ਸਿੰਘ ਉਪ ਪ੍ਰਧਾਨ ਝਾਰਖੰਡ ਕਮੇਟੀ, ਸ. ਗੁਰਚਰਨ ਸਿੰਘ ਪ੍ਰਧਾਨ ਸ੍ਰੀ ਗੁਰੂ ਨਾਨਕ ਸਕੂਲ ਪ੍ਰਬੰਧਕ ਕਮੇਟੀ ਰਾਂਚੀ, ਸ੍ਰੀ ਜੋਤੀ ਮਠਾਰੂ ਅਤੇ ਨਗਰ ਕੀਰਤਨ ਨਾਲ ਚੱਲ ਰਹੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਮੈਨੇਜਰ ਸ. ਪਰਮਜੀਤ ਸਿੰਘ, ਸੁਪਰਵਾਈਜ਼ਰ ਸ. ਰਜਵੰਤ ਸਿੰਘ ਰੰਧਾਵਾ, ਸ. ਗੁਰਮੇਜ ਸਿੰਘ, ਸ. ਬਲਦੇਵ ਸਿੰਘ, ਸ. ਗੁਰਦੇਵ ਸਿੰਘ, ਲੇਖਾਕਾਰ ਸ. ਬਖ਼ਸ਼ੀਸ ਸਿੰਘ ਸਮੇਤ ਹੋਰ ਮੌਜੂਦ ਸਨ।