ਅੰਮ੍ਰਿਤਸਰ, 24 ਸਤੰਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤਾ ਗਿਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਮੁੰਬਈ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਗੁਜਰਾਤ ਦੇ ਬੜੌਦਾ ਲਈ ਰਵਾਨਾ ਹੋ ਗਿਆ। ਰਵਾਨਗੀ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਅਰਦਾਸ ਕੀਤੀ। ਇਥੇ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ। ਇਸ ਤੋਂ ਪਹਿਲਾਂ ਇਥੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਕੀਰਤਨ ਕੀਤਾ ਅਤੇ ਕਥਾ ਵਾਚਕਾਂ ਨੇ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਤੋਂ ਸੰਗਤ ਨੂੰ ਜਾਣੂ ਕਰਵਾਇਆ। ਇਸੇ ਦੌਰਾਨ ਬੀਤੇ ਕੱਲ੍ਹ ਮੁੰਬਈ ਦੇ ਵੱਖ-ਵੱਖ ਇਲਾਕਿਆਂ ‘ਚ ਨਗਰ ਕੀਰਤਨ ਦਾ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਸੰਗਤ ਨੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਨਾਲ ਸੀਸ ਨਿਵਾਇਆ, ਉਥੇ ਹੀ ਵਿਸ਼ੇਸ਼ ਬੱਸ ਵਿਚ ਸੁਸ਼ੋਭਿਤ ਗੁਰੂ ਸਾਹਿਬ ਦੇ ਇਤਿਹਾਸਕ ਸ਼ਸਤਰਾਂ ਬਸਤਰਾਂ ਦੇ ਵੀ ਦਰਸ਼ਨ ਦੀਦਾਰ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰੇ ਸਾਹਿਬਾਨ ਤੇ ਸੰਗਤ ਵੱਲੋਂ ਕੀਤੀ ਗਈ ਫੁੱਲਾਂ ਦੀ ਵਰਖਾ ਖਿੱਚ ਦਾ ਕੇਂਦਰ ਸੀ। ਦੱਸ ਦਈਏ ਕਿ ਬੀਤੇ ਤਿੰਨ ਦਿਨਾਂ ਤੋਂ ਨਗਰ ਕੀਰਤਨ ਮੁੰਬਈ ਦੇ ਵੱਖ-ਵੱਖ ਇਲਾਕਿਆਂ ਵਿਚ ਸਜਾਇਆ ਗਿਆ ਸੀ, ਜਿਥੋਂ ਅੱਜ ਗੁਜਰਾਤ ਲਈ ਰਵਾਨਾ ਹੋ ਗਿਆ। ਇਥੋਂ ਰਵਾਨਗੀ ਸਮੇਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ. ਜਸਬੀਰ ਸਿੰਘ ਧਾਮ, ਸ. ਨਰਿੰਦਰ ਸਿੰਘ ਪ੍ਰਧਾਨ, ਸ. ਰਾਮ ਸਿੰਘ ਰਠੌਰ, ਭਾਈ ਮਲਕੀਤ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਸੁਖਬੀਰ ਸਿੰਘ, ਸ. ਅਜੀਤ ਸਿੰਘ ਆਦਿ ਮੌਜੂਦ ਸਨ।