ਅੰਮ੍ਰਿਤਸਰ, 18 ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤਾ ਗਿਆ ਅੰਤਰਰਾਸ਼ਟਰੀ ਨਗਰ ਕੀਰਤਨ ਪਹਿਲੇ ਪਾਤਸ਼ਾਹ ਜੀ ਨਾਲ ਸਬੰਧਤ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ ਤੋਂ ਅਗਲੇ ਪੜਾਅ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਰਵਾਨਾ ਹੋ ਗਿਆ। ਹਰ ਰੋਜ਼ ਦੀ ਤਰ੍ਹਾਂ ਨਗਰ ਕੀਰਤਨ ਦੀ ਰਵਾਨਗੀ ਸਮੇਂ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ-ਜਸ ਸਰਵਣ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ੫੫੦ਵੇਂ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਗੁਰਮਤਿ ਸਮਾਗਮਾਂ ”ਚ ਪੁੱਜਣ ਦੀ ਸੰਗਤ ਨੂੰ ਅਪੀਲ ਕੀਤੀ। ਇਸ ਦੌਰਾਨ ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਪ੍ਰਧਾਨ ਸ. ਬਲਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਆਰੰਭ ਕੀਤੇ ਗਏ ਇਤਿਹਾਸਕ ਨਗਰ ਕੀਰਤਨ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਕਾਸ਼ ਪੁਰਬ ਸਮਾਗਮਾਂ ਲਈ ਵੱਧ ਤੋਂ ਵੱਧ ਸੰਗਤ ਲੈ ਕੇ ਆਉਣ ਦੀ ਵਚਨਬਧਤਾ ਦਾ ਪ੍ਰਗਟਾਵਾ ਕੀਤਾ। ਸ. ਪ੍ਰਤਾਪ ਸਿੰਘ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਨਾਨਕ ਝੀਰਾ ਸਾਹਿਬ ਵਿਖੇ ਬੀਤੀ ਰਾਤ ਨਗਰ ਕੀਰਤਨ ਦੇ ਪੁੱਜਣ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਪਹੁੰਚੀ ਹੋਈ ਸੀ। ਉਨ੍ਹਾਂ । ਦੱਸਿਆ ਕਿ ਇਥੇ ਸਵਾਗਤੀ ਗੇਟ, ਸੁੰਦਰ ਲੜੀਆਂ ਅਤੇ ਆਤਿਸ਼ਬਾਜ਼ੀ ਖਿੱਚ ਦਾ ਕੇਂਦਰ ਸੀ। ਸੰਗਤਾਂ ਨੇ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਇਥੋਂ ਰਵਾਨਗੀ ਸਮੇਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਬਲਬੀਰ ਸਿੰਘ ਤੋਂ ਇਲਾਵਾ ਸ. ਮਨਪ੍ਰੀਤ ਸਿੰਘ, ਸ. ਹਰਪਾਲ ਸਿੰਘ, ਸ. ਦਰਬਾਰ ਸਿੰਘ, ਸ. ਲਾਭ ਸਿੰਘ, ਸ. ਰਾਜਵਿੰਦਰ ਸਿੰਘ, ਸ. ਪ੍ਰਦੀਪ ਸਿੰਘ, ਸ. ਪੁਨੀਤ ਸਿੰਘ, ਸ. ਤੇਜਪਾਲ ਸਿੰਘ, ਸ. ਲਾਹੌਰਾ ਸਿੰਘ, ਸ. ਸਤਬੀਰ ਸਿੰਘ, ਗਿਆਨੀ ਧਰਮ ਸਿੰਘ, ਗਿਆਨੀ ਬਚਿੱਤਰ ਸਿੰਘ, ਭਾਈ ਬਲਵੰਤ ਸਿੰਘ, ਸ਼੍ਰੋਮਣੀ ਕਮੇਟੀ ਵੱਲੋਂ ਵਧੀਕ ਮੈਨੇਜਰ ਸ. ਪਰਮਜੀਤ ਸਿੰਘ, ਸੁਪਰਵਾਈਜ਼ਰ ਸ. ਰਜਵੰਤ ਸਿੰਘ, ਸ. ਗੁਰਲਾਲ ਸਿੰਘ, ਸ. ਬਖ਼ਸ਼ੀਸ ਸਿੰਘ ਆਦਿ ਮੌਜੂਦ ਸਨ।