S.Roop Singh Jiਅੰਮ੍ਰਿਤਸਰ : 18 ਮਈ (        ) ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੀ ਮਨੁੱਖੀ ਸਾਧਨ ਤੇ ਵਿਕਾਸ ਮੰਤਰਾਲੇ ਦੀ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬਿਨ ਈਰਾਨੀ ਨੂੰ ਪੱਤਰ ਲਿਖਿਆ ਹੈ।
ਆਪਣੇ ਪੱਤਰ ਵਿੱਚ ਜਿਕਰ ਕਰਦਿਆਂ ਡਾ: ਰੂਪ ਸਿੰਘ ਨੇ ਕਿਹਾ ਹੈ ਕਿ ਆਈ ਆਈ ਟੀ ਰੁੜਕੀ ਵੱਲੋਂ ੨੨ ਮਈ ਨੂੰ ਪੂਰੇ ਭਾਰਤ ਵਿਚੋਂ ਜੇ ਈ ਈ ਦਾ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਤੇ ਮੈਟਲ ਦੀ ਧਾਂਤ ਪਾ ਕੇ ਆਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ੧੬੯੯ ਦੀ ਵਿਸਾਖੀ ਨੂੰ ਅੰਮ੍ਰਿਤ ਪਾਨ ਕਰਵਾ ਕੇ ਆਪਣੇ ਖਾਲਸੇ ਨੂੰ ਪੰਜਾਂ ਕਕਾਰਾਂ ਕਛਿਹਰਾ, ਕੜ੍ਹਾ, ਕ੍ਰਿਪਾਨ, ਕੰਘਾ ਤੇ ਕੇਸਾਂ ਦਾ ਧਾਰਨੀ ਹੋਣ ਲਈ ਪ੍ਰੇਰਿਆ ਗਿਆ ਸੀ, ਜੋ ਉਹ ਆਪਣੇ ਸਰੀਰ ਤੋਂ ਕਦਾਚਿੱਤ ਵੀ ਅਲੱਗ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜਾਂ ਕਕਾਰਾਂ ਵਿਚੋਂ ਕ੍ਰਿਪਾਨ ਤੇ ਕੜਾ ਵੀ ਮੈਟਲ ਦਾ ਬਣਿਆ ਹੁੰਦਾ ਹੈ, ਜੋ ਸਿੱਖ ਕੋਡ ਆਫ਼ ਕੰਡਕਟ (ਰਹਿਤ ਮਰਯਾਦਾ) ਅਨੁਸਾਰ ਅਲੱਗ ਨਹੀਂ ਕੀਤਾ ਜਾ ਸਕਦਾ।ਸਿਵਲ ਏਵੀਏਸ਼ਨ ਸਰਕੂਲਰ ਨੰ: ੩੪/੨੦੦੨ ਅਨੁਸਾਰ ਭਾਰਤ ਸਰਕਾਰ ਨੇ ਹਵਾਈ ਜਹਾਜ ਦੇ ਸਫ਼ਰ ਸਮੇਂ ਕ੍ਰਿਪਾਨ ਪਹਿਨਣ ਦੀ ਇਜਾਜਤ ਦਿੱਤੀ ਹੈ, ਜਿਸ ਦੀ ਕਾਪੀ ਪੱਤਰਕਾ ਨਾਲ ਨੱਥੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਆਈ ਆਈ ਟੀ ਰੁੜਕੀ ਵੱਲੋਂ ਜੇ ਈ ਈ ਦੇ ਇਮਤਿਹਾਨਾ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਤੇ ਲਗਾਈ ਗਈ ਇਸ ਪਾਬੰਦੀ ਨਾਲ ਸਿੱਖ ਵਿਦਿਆਰਥੀਆਂ ਵਿੱਚ ਇਹ ਡਰ ਪਾਇਆ ਜਾ ਰਿਹਾ ਹੈ ਕਿ ਹੋਰਨਾਂ ਪ੍ਰੀਖਿਆ ਕੇਂਦਰਾਂ ਵਾਂਗ ਉਨ੍ਹਾਂ ਨੂੰ ਵੀ ਧਾਰਮਿਕ ਚਿੰਨ੍ਹਾਂ ਨੂੰ ਉਤਾਰਨ ਲਈ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਕੋਡ ਆਫ ਕੰਡਕਟ ਅਧੀਨ ਆਈ ਆਈ ਟੀ ਰੁੜਕੀ ਦੇ ਇਸ ਫੈਂਸਲੇ ਨੂੰ ਹਿੰਸਾ ਦੇ ਤੌਰ ਤੇ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਦੇ ਨਾਤੇ ਵਿਸ਼ਵ ਪੱਧਰ ਤੇ ਸਿੱਖਾਂ ਨੂੰ ਦਰਪੇਸ਼ ਮਾਮਲਿਆਂ ਹੱਲ ਕਰਾਉਣ ਬਾਰੇ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ। ਇਸ ਲਈ ਮੈਂ ਇਸ ਸੰਸਥਾ ਦਾ ਸਕੱਤਰ ਹੋਣ ਦੇ ਨਾਤੇ ਅਪੀਲ ਕਰਦਾ ਹਾਂ ਕਿ ਤੁਸੀਂ ਇਸ ਮਾਮਲੇ ਸਬੰਧੀ ਆਪਣੀ ਨਿਜੀ ਦਿਲਚਸਪੀ ਲੈਂਦਿਆਂ ਹੋਇਆਂ ਸਬੰਧਤ ਸਟਾਫ਼ ਨੂੰ ਤੁਰੰਤ ਦਿਸ਼ਾ-ਨਿਰਦੇਸ਼ ਦਿਓ ਤਾਂ ਜੋ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਧਾਰਮਿਕ ਚਿੰਨ੍ਹ ਉਤਾਰਨ ਲਈ ਮਜਬੂਰ ਨਾ ਕੀਤਾ ਜਾਵੇ।ਇਸ ਪੱਤ੍ਰਿਕਾ ਦੀ ਇਕ ਕਾਪੀ ਉਨ੍ਹਾਂ ਆਈ ਆਈ ਟੀ ਰੁੜਕੀ ਦੇ ਡਾਇਰੈਕਟਰ/ਪ੍ਰਿੰਸੀਪਲ ਨੂੰ ਵੀ ਸੂਚਨਾ ਦੇਣ ਅਤੇ ਤੁਰੰਤ ਕਾਰਵਾਈ ਕਰਨ ਲਈ ਭੇਜੀ ਹੈ।