unnamed-7ਅੰਮ੍ਰਿਤਸਰ 1 ਨਵੰਬਰ (        ) – ਮੀਰੀ ਪੀਰੀ ਦੇ ਮਾਲਕ ‘ਛਠਮ ਪੀਰ’ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਮੌਕੇ ਰੂਹਾਨੀਆਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਉਪਰੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਹ ਮਹਾਨ ਦਿਹਾੜਾ ਸਾਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਦੇ ਰੂਬਰੂ ਕਰਵਾਉਂਦਾ ਹੈ।ਜਿਸ ਤਹਿਤ ਅਸੀ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਾਂ।ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਸਾਨੂੰ ਗੁਰੂ ਕ੍ਰਿਰਪਾ ਦੇ ਉਸ ਪਹਿਲੂ ਨਾਲ ਜੋੜਦਾ ਹੈ ਜਦੋਂ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੀ ਕੈਦ ਵਿਚੋਂ ੫੨ ਰਾਜਿਆਂ ਨੂੰ ਮੁਕਤ ਕਰਵਾ ਕੇ ਇਤਿਹਾਸ ਅੰਦਰ ਇਕ ਨਵਾਂ ਅਧਿਆਏ ਸਿਰਜਿਆ ਸੀ।ਇਸ ਕਰਕੇ ਹੀ ਅਸੀਂ ਪਾਤਸ਼ਾਹ ਜੀ ਨੂੰ ਬੰਦੀ ਛੋੜ ਦਾਤਾ ਕਹਿ ਕੇ ਸਤਿਕਾਰਦੇ ਹਾਂ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ ਨਾਲ ਭਰਿਆ ਪਿਆ ਹੈ।ਅਸੀਂ ਜਾਣਦੇ ਹਾਂ ਕਿ ਦੀਵਾਲੀ ਦਾ ਸਬੰਧ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨਾਲ ਵੀ ਜੁੜਦਾ ਹੈ।ਪਰ ਦੁੱਖ ਦੀ ਗੱਲ ਹੈ ਕਿ ਅੱਜ ਅਸੀ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ।ਉਨ੍ਹਾਂ ਕਿਹਾ ਕਿ ਅੱਜ ਨਿੱਜੀ ਗਰਜਾਂ ਦੇ ਗੁਲਾਮ ਹੋ ਕੇ ਅਸੀਂ ਕੌਮੀ ਹਿੱਤਾਂ ਨੂੰ ਅਣਡਿੱਠ ਕਰਦੇ ਜਾ ਰਹੇ ਹਾਂ।ਉਨ੍ਹਾਂ ਕਿਹਾ ਕਿ ਸਿੱਖ ਨੇ ਤਾਂ ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਕੌਮ ਦੀ ਬਿਹਤਰੀ ਲਈ ਤੱਤਪਰ ਰਹਿਣਾ ਹੈ।ਉਨ੍ਹਾਂ ਕਿਹਾ ਕਿ ਅਤਿਅੰਤ ਵੱਡੀਆਂ ਵੰਗਾਰਾਂ ਅਤੇ ਅਤਿ ਫਸਵੇਂ ਹਾਲਾਤਾਂ ਵਿੱਚ ਵੀ ਸਿੱਖ ਕੌਮ ਨੇ ਆਪਣੀ ਵੱਖਰੀ ਹੋਂਦ ਤੇ ਮਾਣਮੱਤੀ ਹਸਤੀ ਨੂੰ ਬਰਕਰਾਰ ਰੱਖਿਆ ਹੈ।ਇਹ ਗੁਰੂ ਸਾਹਿਬਾਨ ਦੁਆਰਾ ਸਿੱਖਾਂ ਨੂੰ ਬਖਸ਼ੇ ਹੱਕ-ਸੱਚ, ਦਲੇਰੀ, ਦ੍ਰਿੜਤਾ ਅਤੇ ਅਡੋਲਤਾ ਆਦਿ ਗੁਣਾਂ ਦੀ ਗੁੜ੍ਹਤੀ ਸਦਕਾ ਹੀ ਸੰਭਵ ਹੋ ਸਕਿਆ ਹੈ।ਉਨ੍ਹਾਂ ਕਿਹਾ ਕਿ ਸਿੱਖ ਕੌਮ ਅੱਗੇ ਪਤਿਤਪੁਣੇ ਅਤੇ ਸਮਾਜਿਕ ਕੁਰੀਤੀਆਂ ਦੀ ਵੱਡੀ ਚੁਣੌਤੀ ਹੈ, ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਗੁਰਮਤਿ ਜੁਗਤ ਦੇ ਧਾਰਨੀ ਬਣਨਾ ਪਵੇਗਾ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਨਿਆਰੀ ਹੋਂਦ ਤੋਂ ਪੰਥ ਦੋਖੀ ਚਕਰਾ ਬੁਖਲਾ ਰਹੇ ਹਨ।ਉਨ੍ਹਾਂ ਕਿਹਾ ਕਿ ਪੰਥ ਵਿਰੋਧੀਆਂ ਵੱਲੋਂ ਇਕ ਹੋਰ ਵੱਡੀ ਵੰਗਾਰ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖਾਂ ਨੂੰ ਡੂੰਘੀ ਮਾਨਸਿਕ ਪੀੜਾ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਸਿੱਖ ਪੰਥ ਦੇ ਸਾਹਮਣੇ ਕਈ ਗੰਭੀਰ ਮਸਲੇ ਵੰਗਾਰਾਂ ਦੇ ਰੂਪ ਵਿੱਚ ਸਿਰ ਕੱਢ ਰਹੇ ਹਨ, ਜਿਨ੍ਹਾਂ ਦਾ ਮੁਕਾਬਲਾ ਗੁਰੂ ਹੁਕਮਾਂ ਅਨੁਸਾਰ ਹੀ ਕੀਤਾ ਜਾ ਸਕਦਾ ਹੈ।ਅੱਜ ਅਨੇਕਾਂ ਪੰਥ ਵਿਰੋਧੀ ਸ਼ਕਤੀਆਂ ਸਿੱਖ ਪੰਥ ਦੀ ਸਾਖ ਨੂੰ ਢਾਹ ਲਗਾਉਣ ਲਈ ਯਤਨਸ਼ੀਲ ਹਨ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਤੇ ਜਦੋਂ-ਜਦੋਂ ਵੀ ਬਿਪਤਾ ਬਣੀ ਹੈ ਇਸ ਨੇ ਉਦੋਂ ਹੀ ਸੰਗਠਤ ਹੋ ਕੇ ਵਿਰੋਧੀ ਚਾਲਾਂ ਦਾ ਮੂੰਹ-ਤੋੜ ਜਵਾਬ ਦਿੱਤਾ ਹੈ।ਉਨ੍ਹਾਂ ਕਿਹਾ ਕਿ ਆਪਣੀਆਂ ਅਮੀਰ ਪਰੰਪਰਾਵਾਂ ਅਨੁਸਾਰ ਸਮੁੱਚੀ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਤਰ ਹੋਣ ਦੀ ਲੋੜ ਹੈ ਤਾਂ ਜੋ ਪੰਥ ਵਿਰੋਧੀਆਂ ਨੂੰ ਮਾਤ ਦਿੱਤੀ ਜਾ ਸਕੇ।ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਹਰ ਮਸਲੇ ਤੇ ਸੇਧ ਗੁਰਬਾਣੀ ਦੇ ਉਪਦੇਸ਼ ਤੋਂ ਲੈਣੀ ਹੈ।ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਗੁਰਬਾਣੀ ਉਪਦੇਸ਼ ਅਤੇ ਸਿੱਖ ਰਹੁਰੀਤਾਂ ਤੇ ਦ੍ਰਿੜ ਰਹਿ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਈਏ।ਆਪਣੇ ਗੌਰਵਮਈ ਵਿਰਸੇ ਨੂੰ ਯਾਦ ਕਰਦਿਆਂ ਇਸ ਤੋਂ ਪ੍ਰੇਰਣਾ ਲਈਏ।ਉਨ੍ਹਾਂ ਅੰਤ ਸਮੂਹ ਸਿੱਖ ਸੰਗਤਾਂ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਪਿਆਰ ਤੇ ਸਤਿਕਾਰ ਰੱਖਣ ਵਾਲੀ ਲੋਕਾਈ ਨੂੰ ਬੰਦੀ ਛੋੜ ਦਿਵਸ ਦੀ ਹਾਰਦਿਕ ਮੁਬਾਰਕਬਾਦ ਦਿੱਤੀ।