ਸਿੱਖ ਕੌਮ ਵੰਡੀਆਂ ਵਖਰੇਵਿਆਂ ‘ਚ ਬਾਹਰ ਨਿਕਲ ਕੇ ਕੌਮੀ ਏਕਤਾ ਲਈ ਅੱਗੇ ਆਏ – ਭਾਈ ਲੌਂਗੋਵਾਲ

ਨਗਰ ਦੀਆਂ ਸਮੁੱਚੀਆਂ ਧਿਰਾਂ ਵੱਲੋਂ ਭਾਈ ਗਰੇਵਾਲ ਦੇ ਉੱਦਮ ਦੀ ਸ਼ਾਲਾਘਾ

ਜਗਰਾਉਂ, ੧੦ ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਤ-ਪਾਤ ਤੇ ਭੇਦ-ਭਾਵ ਦੇ ਵਖਰੇਵਿਆਂ ਨੂੰ ਖ਼ਤਮ ਕਰਨ ਅਤੇ ਪੰਥਕ ਏਕਤਾ ਨੂੰ ਬੜ੍ਹਾਵਾ ਦੇਣ ਲਈ ‘ਇਕ ਪਿੰਡ ਇਕ ਗੁਰਦੁਆਰਾ’ ਮੁਹਿੰਮ ਦੀ ਅੱਜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਇਤਿਹਾਸਕ ਪਿੰਡ ਚਕਰ ਤੋਂ ਆਰੰਭਤਾ ਕਰਦਿਆਂ ਇਕ ਗੁਰਮਤਿ ਸਮਾਗਮ ਦੌਰਾਨ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ੧੫ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿਚ ਕੇਵਲ ਇਕ ਹੀ ਗੁਰਦੁਆਰਾ ਸਾਹਿਬ ਹੈ, ਜਿਥੇ ਬਿਨਾ ਕਿਸੇ ਭੇਦ-ਭਾਵ ਅਤੇ ਪਾਰਟੀ ਬਾਜ਼ੀ ਤੋਂ ਸਮੁੱਚੀ ਸੰਗਤ ਇਕਜੁਟ ਹੋ ਕੇ ਨਤਮਸਤਕ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਵਿਸ਼ੇਸ਼ ਉਪਰਾਲੇ ਨਾਲ ਕੀਤੇ ਗਏ ਇਸ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿਘ ਲੌਂਗੋਵਾਲ ਉੱਚੇਚੇ ਤੌਰ ‘ਤੇ ਸ਼ਾਮਲ ਹੋਏ। ਇਸ ਸਮਾਗਮ ਦੀ ਖ਼ਾਸੀਅਤ ਇਹ ਸੀ ਕਿ ਇਸ ਵਿਚ ਸਮੁਚੀਆਂ ਧਿਰਾਂ ਨਾਲ ਸਬੰਧਤ ਸੰਗਤਾਂ ਨੇ ਸ਼ਮੂਲੀਅਤ ਕਰ ਕੇ ਭਾਈ ਗਰੇਵਾਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ।

ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਘਰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ ਅਤੇ ਇਥੇ ਊਚ-ਨੀਚ, ਜਾਤ-ਪਾਤ ਤੇ ਭੇਦ-ਭਾਵ ਦਾ ਕੋਈ ਵੰਡ ਵੱਖਰੇਵਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡਾਂ ਤੇ ਨਗਰਾਂ ਅੰਦਰ ਇਕ ਗੁਰਦੁਆਰਾ ਸਾਹਿਬ ਲਈ ਪ੍ਰੇਰਣਾ ਕਰਨ ਹਿੱਤ ਸ਼ਾਲਾਘਾਯੋਗ ਉਪਰਾਲਾ ਆਰੰਭਿਆ ਗਿਆ ਹੈ, ਜਿਸ ਤਹਿਤ ਅੱਜ ਪਿੰਡ ਚਕਰ ਦੀ ਸੰਗਤ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਮਨੁੱਖਤਾ ਅੰਦਰ ਇਕ ਕਰਤਾਪੁਰਖ ਦੀ ਜੋਤ ਹੈ ਅਤੇ ਗੁਰਦੁਆਰੇ ਵੀ ਸਮੁੱਚੀਆਂ ਸੰਗਤਾਂ ਲਈ ਸਾਂਝੇ ਅਸਥਾਨ ਹਨ। ਉਨ੍ਹਾਂ ਪਿੰਡ ਚਕਰ ਦੀ ਸੰਗਤ ਨੂੰ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਵਧਾਈ ਦਿੱਤੀ ਅਤੇ ਭਾਈ ਗਰੇਵਾਲ ਵੱਲੋਂ ਪਿੰਡ ਦੀਆਂ ਸੰਗਤਾਂ ਲਈ ਸਨਮਾਨ ਸਮਾਗਮ ਆਯੋਜਿਤ ਕਰਨ ਲਈ ਉਨ੍ਹਾਂ ਦੀ ਸ਼ਾਲਾਘਾ ਕੀਤੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪ੍ਰਧਾਨਗੀਆਂ ਹਥਿਆਉਣ ਲਈ ਅਤੇ ਜਾਤਾਂ-ਪਾਤਾਂ ਦੇ ਆਧਾਰ ‘ਤੇ ਨਿੱਤ ਦਿਨ ਬਣੇ ਰਹੇ ਨਵੇਂ ਗੁਰਦੁਆਰਾ ਸਾਹਿਬਾਨ ਚਿੰਤਾਂ ਦਾ ਵਿਸ਼ਾ ਹਨ ਅਤੇ ਸਾਨੂੰ ਵੰਡੀਆਂ ਵੱਖਰੇਵਿਆਂ ਨੂੰ ਖ਼ਤਮ ਕਰਦਿਆਂ ਹਰ ਪਿੰਡ ਵਿਚ ਇਕ ਗੁਰਦੁਆਰਾ ਸਾਹਿਬ ਦੇ ਸੰਕਲਪ ਨੂੰ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਖ਼ਾਲਸਾ ਸਿਰਜਣਾ ਸਮੇਂ ਵੱਖ-ਵੱਖ ਜਾਤਾਂ ਤੇ ਸ਼੍ਰੇਣੀਆਂ ਵਿੱਚੋਂ ਪੰਜ ਪਿਆਰਿਆਂ ਦੀ ਚੋਣ ਕਰਕੇ ਪੰਥਕ ਏਕਤਾ ਦਾ ਸੁਨੇਹਾ ਦਿੱਤਾ ਹੈ, ਜਿਸ ‘ਤੇ ਅਮਲ ਕਰਨਾ ਸਮੁੱਚੀ ਸਿੱਖ ਕੌਮ ਦਾ ਧਰਮ ਕਰਤੱਵ ਹੈ। ਭਾਈ ਲੌਂਗੋਵਾਲ ਨੇ ਪਿੰਡ ਚਕਰ ਦੀ ਸਮੁੱਚੀ ਸੰਗਤ ਨੂੰ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਮੁਬਾਰਕਬਾਦ ਦਿੱਤੀ ਅਤੇ ਗੁਰਦੁਆਰਾ ਸਾਹਿਬ ਲਈ ੨ ਲੱਖ, ੫੦ ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ।

ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਜਿਥੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ, ਉਥੇ ਹੀ ਭਾਈ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਵਿੱਢੀ ਗਈ ਧਰਮ ਪ੍ਰਚਾਰ ਮੁਹਿੰਮ ਨੂੰ ਬਹੁਮੁੱਖੀ ਅਤੇ ਬਹੁਦਿਸ਼ਾਵੀ ਬਣਾ ਕੇ ਸੰਗਤਾਂ ਤਕ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਮਾਜ ਅੰਦਰ ਵਿੱਥਾਂ ਅਤੇ ਦੂਰੀਆਂ ਕਾਰਨ ਪੰਥਕ ਏਕਤਾ ਨੂੰ ਢਾਹ ਲੱਗ ਰਹੀ ਹੈ, ਜਿਸ ਨੂੰ ਖ਼ਤਮ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ‘ਇਕ ਪਿੰਡ ਇਕ ਗੁਰਦੁਆਰਾ’ ਦੀ ਮੁਹਿੰਮ ਬੇਹੱਦ ਸਾਰਥਕ ਉਪਰਾਲਾ ਹੈ। ਉਨ੍ਹਾਂ ਇਸ ਗੱਲ ਤੇ ਵੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਉਨ੍ਹਾਂ ਦੇ ਹਲਕੇ ਅੰਦਰ ਪੈਂਦੇ ਇਤਿਹਾਸਕ ਪਿੰਡ ਚਕਰ ਤੋਂ ਕੀਤੀ ਗਈ ਹੈ।ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਸ. ਜਗਜੀਤ ਸਿੰਘ ਤਲਵੰਡੀ ਨੇ ਵੀ ਵਿਚਾਰ ਸਾਂਝੇ ਕੀਤੇ।

ਸਮਾਗਮ ਦੀ ਆਰੰਭਤਾ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਬੜਤੋੜ ਸਿੰਘ ਅਤੇ ਭਾਈ ਗੁਰਵਿੰਦਰ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸਟੇਜ ਦੀ ਸੇਵਾ ਪ੍ਰਚਾਰਕ ਭਾਈ ਸਰਬਜੀਤ ਸਿੰਘ ਨੇ ਨਿਭਾਈ। ਇਸ ਮੌਕੇ ਭਾਈ ਗਰੇਵਾਲ ਅਤੇ ਨਗਰ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਸਾਬਕਾ ਵਿਧਾਇਕ ਐਸ.ਆਰ. ਕਲੇਰ, ਸ. ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਰਣਜੀਤ ਕੌਰ ਮਾਹਿਲਪੁਰ ਮੈਂਬਰ, ਬਾਬਾ ਅਮਰੀਕ ਸਿੰਘ ਕਾਰਸੇਵਾ ਵਾਲੇ, ਸ. ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਚੇਅਰਮੈਨ ਦਿਦਾਰ ਸਿੰਘ ਮਲਕ, ਸ. ਮੇਜਰ ਸਿੰਘ ਸਰਪੰਚ, ਸ. ਰਣਧੀਰ ਸਿੰਘ ਸਾਬਕਾ ਸਰਪੰਚ, ਸ. ਦਲੀਪ ਸਿੰਘ ਚਕਰ, ਸ. ਹਰਚੰਦ ਸਿੰਘ, ਸ. ਸ਼ੇਰ ਸਿੰਘ ਸਰਪੰਚ, ਸ. ਸੁਖਦੀਪ ਸਿੰਘ ਸਿਧਵਾਂ, ਸ. ਅਮਰਜੀਤ ਸਿੰਘ ਪ੍ਰਧਾਨ, ਬਾਈ ਰਸ਼ਪਾਲ ਸਿੰਘ, ਸ. ਚਮਕੌਰ ਸਿੰਘ ਲੰਬਰਦਾਰ, ਸ. ਬੂਟਾ ਸਿੰਘ ਕਿਸਾਨ ਆਗੂ, ਸ. ਦਰਸ਼ਨ ਸਿੰਘ ਘੋਲੀਆ, ਸ. ਬਚਿੱਤਰ ਸਿੰਘ ਘੋਲੀਆ, ਮੈਨੇਜਰ ਸ. ਕਮਲਜੀਤ ਸਿੰਘ, ਸ. ਸਾਰਜ ਸਿੰਘ, ਸ. ਜਰਨੈਲ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸ. ਦਰਸ਼ਨ ਸਿੰਘ, ਸ. ਜਵਾਹਰ ਸਿੰਘ, ਸ. ਭਗਵਾਨ ਸਿੰਘ, ਸ. ਸੌਦਾਗਰ ਸਿੰਘ, ਸ. ਊਧਮ ਸਿੰਘ ਸੰਧੂ, ਸ. ਗੁਰਦੀਪ ਸਿੰਘ, ਸ. ਗੁਰਨਾਮ ਸਿੰਘ, ਸ. ਦਰਸ਼ਨ ਸਿੰਘ ਬਾਠ, ਪ੍ਰਿੰਸੀਪਲ ਸਤਨਾਮ ਸਿੰਘ, ਸ. ਜਗਜੀਤ ਸਿੰਘ, ਸ. ਵਸਾਖਾ ਸਿੰਘ ਲੰਬਰਦਾਰ, ਸ. ਝਿਰਮਲ ਸਿੰਘ, ਸ. ਰਣਜੀਤ ਸਿੰਘ, ਸ. ਰੂਪ ਸਿੰਘ ਪੰਚ, ਸ. ਬੂਟਾ ਸਿੰਘ, ਸ. ਹਰਚੰਤ ਸਿੰਘ ਸਮੇਤ ਨਗਰ ਦੀਆਂ ਸਮੁਚੀਆਂ ਸੰਗਤਾਂ ਹਾਜ਼ਰ ਸਨ।