ਬੀਤੇ ਦਿਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਸਥਾਨਕ ਮੀਡੀਆ ਨਾਲ ਇੰਦਰਾ ਗਾਂਧੀ ਸਬੰਧੀ ਕੀਤੀ ਗੱਲਬਾਤ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਬਾਰੇ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਪ੍ਰਧਾਨ ਸਾਹਿਬ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੇ ਦਰਸ਼ਨ ਕਰਨ ਬਾਰੇ ਚੱਲ ਰਹੀ ਗੱਲਬਾਤ ਮੌਕੇ ਕਿਹਾ ਗਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਹ ਹਰ ਧਰਮ ਅਤੇ ਵਰਗ ਲਈ ਬਰਾਬਰ ਸਥਾਨ ਰੱਖਦਾ ਹੈ। ਹਰ ਧਰਮ ਅਤੇ ਸਭਿਅਤਾ ਦਾ ਵਿਅਕਤੀ ਇਸ ਅਸਥਾਨ ਦੇ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੁੰਦਾ ਹੈ। 

ਵੱਖ-ਵੱਖ ਧਰਮ ਅਸਥਾਨਾਂ ਅਤੇ ਉਨ੍ਹਾ ਦੀ ਮਰਯਾਦਾ ਬਾਰੇ ਗੱਲਬਾਤ ਕਰਨ ਦੌਰਾਨ ਉਨ੍ਹਾ ਵੱਲੋਂ ਇੰਦਰਾ ਗਾਂਧੀ ਅਤੇ ਗਨੀ ਖਾਂ ਦਾ ਨਾਮ ਲੈ ਕੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਸਨ। ਜਿਸ ਬਾਰੇ ਉਨ੍ਹਾ ਕਿਹਾ ਕਿ ਜਦੋਂ ਇੰਦਰਾ ਗਾਂਧੀ ਹਿੰਦੂ ਧਰਮ ਦੇ ਤੀਰਥ ਤਿਰੂਪਤੀ ਬਾਲਾ ਜੀ ਮੰਦਿਰ ਵਿਖੇ ਗਈ ਤਾਂ ਉਸ ਨੂੰ ਪੁਜਾਰੀਆਂ ਨੇ ਦਰਸ਼ਨ ਨਾ ਕਰਨ ਦਿੱਤੇ ਅਤੇ ਇੰਦਰਾ ਗਾਂਧੀ ਜੋ ਕਿ ਆਪਣੇ ਧਰਮ ਪ੍ਰਤੀ ਜਾਗਰੂਕ ਸੀ, ਉਸ ਵੱਲੋਂ ਕਾਰਨ ਪੁੱਛਿਆ ਗਿਆ ਤਾਂ ਪੁਜਾਰੀਆਂ ਵੱਲੋਂ ਕਿਹਾ ਗਿਆ ਕਿ ਉਹ ਪਾਰਸੀ ਨਾਲ ਵਿਆਹੀ ਗਈ ਹੈ। ਭਾਵੇਂ ਕਿ ਉਹ ਹਿੰਦੂ ਸੀ ਪਰ ਪਾਰਸੀ ਨਾਲ ਵਿਆਹੀ ਹੋਣ ਕਰਕੇ ਉਸਨੂੰ ਮੰਦਿਰ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ।

ਪ੍ਰਧਾਨ ਸਾਹਿਬ ਵੱਲੋਂ ਇਹ ਕਿੱਸਾ ਜਾਹਿਰ ਕਰਨ ਦਾ ਭਾਵ ਇਹ ਸੀ ਹੋਰਨਾਂ ਧਰਮਾਂ ਦੇ ਮੁਕਾਬਲੇ ਸਿੱਖ ਧਰਮ ਅੰਦਰ ਅਜਿਹੀਆਂ ਗੱਲਾਂ ਪ੍ਰਵਾਨ ਨਹੀਂ ਹਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਹੋਣਾ ਵੀ ਇਸ ਗੱਲ ਦਾ ਸੰਕੇਤ ਹੈ ਕਿ ਸਿੱਖ ਧਰਮ ਅਤੇ ਸਿੱਖਾਂ ਦੇ ਧਾਰਮਿਕ ਅਸਥਾਨ ਸਭ ਧਰਮਾਂ ਲਈ ਬਰਾਬਰਤਾ ਦਾ ਉਪਦੇਸ਼ ਦਿੰਦੇ ਹਨ।