ਇੰਦੌਰ ਹਾਈ ਕੋਰਟ ਦਾ ਫੈਂਸਲਾ ਸ਼ਲਾਘਾਯੋਗ

ਅੰਮ੍ਰਿਤਸਰ 26 ਅਗਸਤ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਇੰਦੌਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ੧੯੮੪ ਦੇ ਦੋ ਸਿੱਖ ਪੀੜ੍ਹਤਾਂ ਨੂੰ ਹੋਏ ਮਾਲੀ ਨੁਕਸਾਨ ਦੇ ਬਦਲੇ ਵਿਆਜ ਸਮੇਤ ਮੁਆਵਜ਼ਾ ਅਦਾ ਕਰਨ ਦਾ ਹੁਕਮ ਸੁਣਾਉਣ ‘ਤੇ ਸ਼ਲਾਘਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਇੰਦੌਰ ਬੈਂਚ ਦੇ ਜਸਟਿਸ ਐਸ ਸੀ ਸ਼ਰਮਾ ਨੇ ਸੁਰਜੀਤ ਸਿੰਘ (੬੭) ਅਤੇ ਸ਼ਰਨ ਸਿੰਘ (੬੮) ਦੀਆਂ ਪਟੀਸ਼ਨਾਂ ਤੇ ਸੂਬਾ ਸਰਕਾਰ ਨੂੰ ੨੫-੨੫ ਹਜ਼ਾਰ ਦੇ ਜ਼ੁਰਮਾਨੇ ਨਾਲ ਇਹ ਰਕਮ ਅਦਾ ਕਰਨ ਲਈ ਹੁਕਮ ਜਾਰੀ ਕੀਤਾ  ਹੈ।ਇੰਦੌਰ ਵਾਸੀ ਸਾਲ ੧੯੮੪ ਦੇ ਸਿੱਖ ਕਤਲੇਆਮ ਪੀੜ੍ਹਤਾਂ ਵਿੱਚ ਸੁਰਜੀਤ ਸਿੰਘ ਦੇ ਟਾਲ ਨੂੰ ਅੱਗ ਲਾ ਦਿੱਤੀ ਗਈ ਸੀ ਜਦ ਕਿ ਸ਼ਰਨ ਸਿੰਘ ਦੀ ਦੁਕਾਨ ਲੁੱਟ ਲਈ ਗਈ ਸੀ। ਪਰ ਦੋਹਾਂ ਨੂੰ ਸਿਰਫ਼ ਇਸ ਅਧਾਰ ‘ਤੇ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਸੀ, ਕਿਉਂਕਿ ਇਨ੍ਹਾਂ ਦੇ ਨਾ ਸਿੱਖ ਕਤਲੇਆਮ ਪੀੜ੍ਹਤਾਂ ਦੀ ਸਰਕਾਰੀ ਸੂਚੀ ਵਿੱਚ ਦਰਜ ਨਹੀਂ ਸਨ।
ਜਥੇਦਾਰ ਅਵਤਾਰ ਸਿੰਘ ਨੇ ਮਾਨਯੋਗ ਇੰਦੌਰ ਹਾਈ ਕੋਰਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਦੌਰ ਦੀ ਤਰ੍ਹਾਂ ਦਿੱਲੀ ਦੇ ੧੯੮੪ ਦੇ ਸਿੱਖ ਨਸਲਕੁਸ਼ੀ ਦੇ ਸ਼ਿਕਾਰ ਲੋਕਾਂ ਨੂੰ ਵੀ ਅਦਾਲਤ ਵੱਲੋਂ ਜਲਦ ਤੋਂ ਜਲਦ ਇਨਸਾਫ਼ ਮਿਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਿਹੜੇ ਲੋਕ ੧੯੮੪ ਦੀ ਸਿੱਖ ਨਸਲਕੁਸ਼ੀ ਵੇਲੇ ਬਰਬਾਦ ਹੋਏ ਸਨ ਉਨ੍ਹਾਂ ਨੂੰ ਜਾਨੀ ਤੇ ਮਾਲੀ ਹੋਏ ਨੁਕਸਾਨ ਦੀ ਭਰਪਾਈ ਦੇ ਨਾਲ-ਨਾਲ ਦਿੱਲੀ ਸਿੱਖ ਕਤਲੇਆਮ ਦੇ ਕਾਤਲਾਂ ਨੂੰ ਸਜ਼ਾਵਾਂ ਦੇ ਕੇ ਇਨਸਾਫ਼ ਮਿਲਣਾ ਚਾਹੀਦਾ ਹੈ ਤਾਂ ਜੋ ਦਿੱਲੀ ਦੇ ਸਿੱਖਾਂ ਦੇ ਮਨਾਂ ਅੰਦਰ ਇਸ ਭਖਦੀ ਚਿੰਗਾਰੀ ਨੂੰ ਸ਼ਾਂਤ ਕੀਤਾ ਜਾ ਸਕੇ।