-ਈਰਾਨ ਦੇ ਮੋਹਰੀ ਆਗੂ ਸ੍ਰੀ ਹੋਜਾਤੋਲੇਸਲਾਮ ਸਈਅਦ ਅਲੀ ਖਮੇਨੀ ਨੂੰ ਸ਼ੋਕ ਸੰਦੇਸ਼ ਭੇਜ ਕੇ ਕੀਤਾ ਦੁੱਖ ਪ੍ਰਗਟ

ਅੰਮ੍ਰਿਤਸਰ, 22 ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਈਰਾਨ ਦੇ ਰਾਸ਼ਟਰਪਤੀ ਡਾ. ਸਈਅਦ ਇਬਰਾਹਿਮ ਰਾਇਸੀ ਅਤੇ ਈਰਾਨ ਦੇ ਵਿਦੇਸ਼ ਮੰਤਰੀ ਸ੍ਰੀ ਹੁਸੈਨ ਅਮੀਰ ਅਬਦੁੱਲਾਹੀਅਨ ਦੇ ਹੈਲੀਕਾਪਟਰ ਹਾਦਸੇ ’ਚ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਧਾਮੀ ਨੇ ਇਸ ਦੁਖਦਾਈ ਹਾਦਸੇ ਵਿਚ ਈਰਾਨ ਦੇ ਰਾਸ਼ਟਰਪਤੀ ਡਾ. ਰਾਇਸੀ ਅਤੇ ਵਿਦੇਸ਼ ਮੰਤਰੀ ਸ੍ਰੀ ਅਬਦੁੱਲਾਹੀਅਨ ਸਮੇਤ ਹੋਰ ਸਵਾਰ ਵਿਅਕਤੀਆਂ ਦੇ ਦੇਹਾਂਤ ’ਤੇ ਸੰਵੇਦਨਤਾ ਪ੍ਰਗਟ ਕਰਦਿਆਂ ਈਰਾਨ ਦੇ ਮੋਹਰੀ ਆਗੂ ਸ੍ਰੀ ਹੋਜਾਤੋਲੇਸਲਾਮ ਸਈਅਦ ਅਲੀ ਖਮੇਨੀ ਨੂੰ ਸ਼ੋਕ ਸੰਦੇਸ਼ ਭੇਜ ਕੇ ਈਰਾਨ ਸਰਕਾਰ ਅਤੇ ਸ਼ੋਕਮਈ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਅਕਾਲ ਪੁਰਖ ਅੱਗੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਵੀ ਅਰਦਾਸ ਕੀਤੀ।
ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਐਡਵੋਕੇਟ ਧਾਮੀ ਨੇ ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਈਰਾਨ ਦੀ ਧਰਤੀ ਨਾਲ ਸਿੱਖਾਂ ਦਾ ਨਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਦੇ ਸਮੇਂ ਤੋਂ ਜੁੜਿਆ ਹੈ ਅਤੇ ਕਈ ਸਿੱਖ ਪਰਿਵਾਰ ਉੱਥੇ ਵੱਸਦੇ ਹਨ। ਉਨ੍ਹਾਂ ਕਿਹਾ ਕਿ ਈਰਾਨ ਦੇ ਰਾਸ਼ਟਰਪਤੀ ਡਾ. ਰਾਇਸੀ ਅਤੇ ਵਿਦੇਸ਼ ਮੰਤਰੀ ਸ੍ਰੀ ਅਮੀਰ ਅਤੇ ਹੋਰ ਸਵਾਰ ਵਿਅਕਤੀਆਂ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਹੋਣਾ ਬੇਹੱਦ ਦੁਖਦਾਈ ਹੈ। ਉਨ੍ਹਾਂ ਸਮੁੱਚੀ ਸਿੱਖ ਕੌਮ ਦੀ ਤਰਫੋਂ ਈਰਾਨ ਸਰਕਾਰ ਦੇ ਮੋਹਰੀ ਆਗੂ ਸ੍ਰੀ ਹੋਜਾਤੋਲੇਸਲਾਮ ਸਈਅਦ ਅਲੀ ਖਮੇਨੀ, ਸ਼ੋਕਮਈ ਪਰਿਵਾਰਾਂ ਅਤੇ ਈਰਾਨ ਦੇ ਭਾਈਵਾਲ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਈਰਾਨ ਦੇ 100 ਸਾਲਾਂ ਦੇ ਇਤਿਹਾਸ ਦੇ ਨਾਲ ਈਰਾਨ ਸਿੱਖ ਭਾਈਚਾਰੇ ਪ੍ਰਤੀ ਈਰਾਨ ਸਰਕਾਰ ਦੀ ਸੰਜੀਦਗੀ ਨੂੰ ਪਛਾਣਦੇ ਹਾਂ ਅਤੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਰਦਾਸ ਕਰਦੇ ਹਾਂ।