ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸਲੋਕੁ ਮਃ ੩ ॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ ਸ਼ਨਿਚਰਵਾਰ, ੧੮ ਜੇਠ (ਸੰਮਤ ੫੫੭ ਨਾਨਕਸ਼ਾਹੀ) ੩੧ ਮਈ, ੨੦੨੫ (ਅੰਗ: ੬੫੦)

ਅੰਮ੍ਰਿਤਸਰ, 24 ਮਈ- ਉੱਤਰ ਪ੍ਰਦੇਸ਼ ਦੇ ਪੀਲੀਭੀਤ ’ਚ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਵੱਲੋਂ ਧਰਮ ਪਰਿਵਰਤਨ ਕਰਨ ਦੇ ਸਾਹਮਣੇ ਆਏ ਮਾਮਲੇ ’ਤੇ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰੀ ਚਿੰਤਾ ਪ੍ਰਗਟਾਈ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਪੈਰੋਕਾਰਾਂ ਦਾ ਲਾਲਚ ਦੇ ਕੇ ਜਬਰਦਸਤੀ ਧਰਮ ਤਬਦੀਲ ਕਰਵਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮਿਲ ਰਹੀ ਜਾਣਕਾਰੀ ਅਨੁਸਾਰ ਭਾਰਤ ਨੇਪਾਲ ਦੇ ਸਰਹੱਦੀ ਖੇਤਰ ਅੰਦਰ ਕੁਝ ਪਿੰਡਾਂ ਵਿਚ ਵੱਸਦੇ ਪਰਿਵਾਰਾਂ ਨੂੰ ਦਬਾਅ, ਲਾਲਚ ਤੇ ਬਿਮਾਰੀ ਦੇ ਇਲਾਜ ਦੇ ਝੂਠੇ ਵਾਅਦਿਆਂ ਦੁਆਰਾ ਅਗਿਆਨਤਾ ਤੇ ਭਰਮਜਾਲ ਦੇ ਤਹਿਤ ਗੁਮਰਾਹ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਭਾਵੇਂ ਬਹੁਤ ਸਾਰੇ ਪਰਿਵਾਰਾਂ ਨੇ ਧਰਮ ਤਬਦੀਲੀ ਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ, ਪਰੰਤੂ ਮਾਮਲੇ ਦੀ ਸੰਜੀਦਗੀ ਨੂੰ ਦੇਖਦਿਆਂ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮਿਸ਼ਨ ਉੱਤਰ ਪ੍ਰਦੇਸ਼ ਦੇ ਇੰਚਾਰਜ ਦੀ ਅਗਵਾਈ ਹੇਠ ਪ੍ਰਚਾਰਕ ਸਿੰਘਾਂ ਦੀ ਇਕ ਟੀਮ ਭੇਜੀ ਜਾ ਰਹੀ ਹੈ, ਜੋ ਮਾਮਲੇ ਦੀ ਪੜਤਾਲ ਕਰਕੇ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਭੇਜੇਗੀ। ਉਨ੍ਹਾਂ ਸਰਕਾਰਾਂ ਨੂੰ ਵੀ ਕਿਹਾ ਕਿ ਅਜਿਹੇ ਲੋਭ, ਲਾਲਚ ਦੇ ਕੇ ਧਰਮ ਪਰਿਵਰਤਨ ਦੀਆਂ ਹਰਕਤਾਂ ਕਰਨ ਵਾਲੇ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।