ਅੰਮ੍ਰਿਤਸਰ, 22 ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰੇਰਣਾ ਸਦਕਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਵਿਚ ਕੰਪਿਊਟਰ ਲੈਬ ਲਈ ਐਚਡੀਐਫਸੀ ਬੈਂਕ ਵੱਲੋਂ 240 ਕੰਪਿਊਟਰ ਸੈੱਟ ਅਤੇ 18 ਸਮਾਰਟ ਕਲਾਸ ਪ੍ਰੋਜੈਕਟਰ ਦਿੱਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਚਡੀਐਫਸੀ ਬੈਂਕ ਦੇ ਅਧਿਕਾਰੀਆਂ ਸ੍ਰੀ ਲਵ ਕੁਮਾਰ ਸ਼ਰਮਾ, ਸ੍ਰੀ ਵਿਵੇਕ ਅਭੀ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ।  ਸਨਮਾਨਿਤ ਕਰਨ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਕੂਲਾਂ ਅੰਦਰ ਬੱਚਿਆਂ ਲਈ ਹਰ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਤਾਂ ਜੋ ਬੱਚੇ ਸਮੇਂ ਦੇ ਹਾਣੀ ਬਣ ਕੇ ਵਿਦਿਆ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਐਚਡੀਐਫਸੀ ਬੈਂਕ ਵੱਲੋਂ ਸਕੂਲਾਂ ਲਈ ਕੀਤਾ ਗਿਆ ਇਹ ਸਹਿਯੋਗ ਸ਼ਲਾਘਾਯੋਗ ਹੈ, ਜਿਸ ਨਾਲ ਬੱਚਿਆਂ ਨੂੰ ਪੜ੍ਹਾਈ ਵਿਚ ਸਹੂਲਤ ਮਿਲੇਗੀ। ਐਡਵੋਕੇਟ ਧਾਮੀ ਨੇ ਐਚਡੀਐਫਸੀ ਬੈਂਕ ਦੇ ਪ੍ਰਬੰਧਕਾਂ ਦਾ ਇਸ ਕਾਰਜ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਓਐਸਡੀ ਸ. ਸਤਬੀਰ ਸਿੰਘ, ਚੀਫ ਅਕਾਊਂਟੈਂਟ ਸ. ਮਿਲਖਾ ਸਿੰਘ ਆਦਿ ਹਾਜ਼ਰ ਸਨ।