ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਐਤਵਾਰ, ੧੯ ਜੇਠ (ਸੰਮਤ ੫੫੭ ਨਾਨਕਸ਼ਾਹੀ) ੧ ਜੂਨ, ੨੦੨੫ (ਅੰਗ: ੬੯੬)

ਅੰਮ੍ਰਿਤਸਰ, 2 ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਦੁਆਰਾ ਦਸਤਾਰਧਾਰੀ ਸਿੱਖਾਂ ਨੂੰ ਘੋੜਿਆਂ ਦੇ ਚੋਰ ਕਹਿਣ ਵਾਲੇ ਬਿਆਨ ’ਤੇ ਸਖਤ ਇਤਰਾਜ ਪ੍ਰਗਟ ਕਰਦਿਆਂ ਸ੍ਰੀ ਭਗਵੰਤ ਮਾਨ ਨੂੰ ਇਸ ਲਈ ਤੁਰੰਤ ਮੁਆਫੀ ਮੰਗਣ ਲਈ ਕਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਇਸ ਬਿਆਨ ਵਿਚ ਸਾਰੇ ਦਸਤਾਰਧਾਰੀ ਸਿੱਖਾਂ ਨੂੰ ਚੋਰ ਕਿਹਾ ਹੈ, ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦਸਤਾਰ ਸਿੱਖ ਨੂੰ ਗੁਰੂ ਸਾਹਿਬ ਨੇ ਆਪ ਬਖਸ਼ਿਸ਼ ਕੀਤੀ ਹੈ ਅਤੇ ਸਿੱਖਾਂ ਨੇ ਦਸਤਾਰ ਦੀ ਸ਼ਾਨ ਲਈ ਅਨੇਕਾ ਕੁਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਰਾਜਸੀ ਹਿੱਤਾਂ ਲਈ ਸਿੱਖ ਧਰਮ ਦੇ ਚਿੰਨਾਂ ਦਾ ਨਿਰਾਦਰ ਕਰ ਰਹੇ ਹਨ ਜੋ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਕੋਈ ਵੀ ਦਸਤਾਰਧਾਰੀ ਸਿੱਖ ਜਦੋਂ ਮੇਰਠ ਵਿਚ ਦਾਖਲ ਹੁੰਦਾ ਹੈ ਤਾਂ ਉਸ ਨੂੰ ਘੋੜਿਆਂ ਦਾ ਚੋਰ ਸਮਝਿਆ ਜਾਂਦਾ ਹੈ, ਸਿੱਖਾਂ ਦੀ ਤੁਹੀਨ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਆਦਤ ਬਣ ਗਈ ਹੈ ਕਿ ਉਹ ਆਪਣੇ ਰਾਜਸੀ ਹਿੱਤਾਂ ਲਈ ਸਿੱਖ ਸੰਸਥਾਵਾਂ ਤੇ ਟਿਪਣੀਆਂ ਕਰਨ ਦੇ ਨਾਲ ਸਿੱਖ ਪ੍ਰੰਪਰਾਵਾਂ ਤੇ ਸਿੱਖ ਚਿੰਨਾਂ ਬਾਰੇ ਵੀ ਤੰਜ ਕੱਸਦੇ ਹਨ। ਇਹ ਮੁੱਖ ਮੰਤਰੀ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਅਜਿਹੀ ਕਿਸੇ ਵੀ ਤਰ੍ਹਾਂ ਦੀ ਬਿਆਨਬਾਜੀ ਤੋਂ ਗੁਰੇਜ ਕਰਨ ਲਈ ਕਿਹਾ ਜੋ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰੇ।